ਪੰਜਾਬ 'ਚ ਮੀਂਹ-ਹਨ੍ਹੇਰੀ ਦਾ ਤਾਂਡਵ; ਵੱਡੀ ਗਿਣਤੀ ‘ਚ ਡਿੱਗੇ ਬਿਜਲੀ ਦੇ ਖੰਭੇ, ਟਰਾਂਸਫਾਰਮਰ ਨੂੰ ਵੀ ਹੋਇਆ ਨੁਕਸਾਨ, ਅੱਜ ਵੀ ਬਾਰਿਸ਼-ਤੂਫਾਨ ਦਾ ਅਲਰਟ
ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਲਗਾਤਾਰ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਇਸ ਬਦਲੇ ਮੌਸਮ ਕਾਰਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 5.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਪਾਰਾ ਹੁਣ ਆਮ ਨਾਲੋਂ 6.2 ਡਿਗਰੀ ਹੇਠਾਂ ਆ ਗਿਆ ਹੈ।
ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਅਨੁਸਾਰ, ਅੱਜ 13 ਜੂਨ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਰੂਪਨਗਰ ਅਤੇ ਮੋਹਾਲੀ ਵਿੱਚ ਗਰਜ-ਚਮਕ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 36.7 ਡਿਗਰੀ ਸੈਲਸੀਅਸ ਫਰੀਦਕੋਟ ਵਿੱਚ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਇਸ ਕੁਦਰਤੀ ਆਫ਼ਤ ਕਾਰਨ ਹੁਣ ਤੱਕ ਕਰੀਬ 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਤੇਜ਼ ਹਨੇਰੀ ਕਾਰਨ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਟੁੱਟਣ ਨਾਲ ਪਾਵਰਕੌਮ ਨੂੰ 2.6 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਪੰਜਾਬ ਦੇ ਕਈ ਇਲਾਕਿਆਂ ਵਿੱਚ ਸ਼ੁੱਕਰਵਾਰ ਨੂੰ ਚੰਗੀ ਬਾਰਿਸ਼ ਹੋਈ। ਕੁਝ ਥਾਵਾਂ 'ਤੇ ਤੇਜ਼ ਗਰਜ-ਚਮਕ ਨਾਲ ਬਿਜਲੀ ਕੜਕੀ, ਗੜ੍ਹੇਮਾਰੀ ਹੋਈ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਸੂਬੇ ਵਿੱਚ ਔਸਤਨ 9.3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।
ਸਭ ਤੋਂ ਵੱਧ ਬਾਰਿਸ਼ ਨਵਾਂਸ਼ਹਿਰ (ਐਸ.ਬੀ.ਐਸ. ਨਗਰ) ਵਿੱਚ 55.6 ਮਿਲੀਮੀਟਰ ਹੋਈ, ਜਿੱਥੇ ਕੁਝ ਥਾਵਾਂ 'ਤੇ 7 ਸੈਂਟੀਮੀਟਰ ਤੱਕ ਪਾਣੀ ਡਿੱਗਿਆ। 1 ਤੋਂ 12 ਜੂਨ ਦੇ ਵਿਚਕਾਰ ਪੰਜਾਬ ਵਿੱਚ ਔਸਤਨ 13.7 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ ਆਮ ਨਾਲੋਂ 6 ਫੀਸਦੀ ਜ਼ਿਆਦਾ ਹੈ।
850 ਤੋਂ ਵੱਧ ਬਿਜਲੀ ਦੇ ਖੰਭੇ ਟੁੱਟੇ
ਪੰਜਾਬ ਰਾਜ ਬਿਜਲੀ ਨਿਗਮ (PSPCL) ਦੀ ਸ਼ੁਰੂਆਤੀ ਰਿਪੋਰਟ ਮੁਤਾਬਕ ਹਨੇਰੀ ਨੇ ਬਿਜਲੀ ਵੰਡ ਨੈੱਟਵਰਕ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਤੇਜ਼ ਹਵਾਵਾਂ ਕਾਰਨ 850 ਤੋਂ ਵੱਧ ਬਿਜਲੀ ਦੇ ਖੰਭੇ ਉਖੜ ਕੇ ਜ਼ਮੀਨ 'ਤੇ ਡਿੱਗ ਗਏ ਅਤੇ 129 ਟਰਾਂਸਫਾਰਮਰ ਪੂਰੀ ਤਰ੍ਹਾਂ ਨੁਕਸਾਨੇ ਗਏ। ਇਸ ਤੋਂ ਇਲਾਵਾ 8.57 ਕਿਲੋਮੀਟਰ ਲੰਬੀਆਂ ਬਿਜਲੀ ਦੀਆਂ ਲਾਈਨਾਂ ਅਤੇ ਵੱਡੀ ਮਾਤਰਾ ਵਿੱਚ ਲੋਅ-ਵੋਲਟੇਜ ਤੇ ਹਾਈ-ਵੋਲਟੇਜ ਕੇਬਲਾਂ ਟੁੱਟ ਗਈਆਂ, ਜਿਸ ਕਾਰਨ ਕਈ ਜ਼ਿਲ੍ਹਿਆਂ ਦੇ ਦਰਜਨਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਲੈਕਆਊਟ ( ਹਨੇਰਾ) ਰਿਹਾ।
ਬਿਜਲੀ ਦੀ ਖਪਤ 'ਚ ਆਈ ਗਿਰਾਵਟ
ਸ਼ੈਡਿਊਲ ਦੇ ਮੁਕਾਬਲੇ 625 ਮੈਗਾਵਾਟ ਘੱਟ ਬਿਜਲੀ ਲਈ: ਗਰਮੀ ਘੱਟ ਹੋਣ ਕਾਰਨ ਰਾਜ ਵਿੱਚ ਬਿਜਲੀ ਦੀ ਕੁੱਲ ਮੰਗ 12,074 ਮੈਗਾਵਾਟ ਰਹੀ ਹੈ। ਇਸ ਵਿੱਚੋਂ ਸੂਬੇ ਵਿੱਚ 4,384 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਇਆ, ਜਦੋਂ ਕਿ 7,686 ਮੈਗਾਵਾਟ ਬਿਜਲੀ ਗਰਿੱਡ ਤੋਂ ਲਈ ਗਈ ਹੈ। ਸ਼ੈਡਿਊਲ ਦੇ ਮੁਕਾਬਲੇ 625 ਮੈਗਾਵਾਟ ਘੱਟ ਬਿਜਲੀ ਲਈ ਜਾ ਰਹੀ ਹੈ, ਇਸ ਲਈ ਪੰਜਾਬ ਫਿਲਹਾਲ 'ਅੰਡਰ ਡ੍ਰਾਅਲ' (under drawal) ਦੀ ਸਥਿਤੀ ਵਿੱਚ ਹੈ।
ਜੂਨ ਦੇ ਅਖੀਰ ਵਿੱਚ ਆਵੇਗਾ ਮਾਨਸੂਨ
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ (ਪੱਛਮੀ ਗੜਬੜੀ) ਐਕਟਿਵ ਹੋ ਗਈ ਹੈ। ਇਸ ਤੋਂ ਇਲਾਵਾ ਈਸਟਰਲੀ ਵਿੰਡ (ਪੂਰਬੀ ਹਵਾਵਾਂ) ਚੱਲ ਰਹੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਮੀਂਹ ਅਤੇ ਹਨੇਰੀ ਦਾ ਮੌਸਮ ਬਣਿਆ ਰਹੇਗਾ, ਹਾਲਾਂਕਿ ਹਨੇਰੀ ਦੀ ਰਫ਼ਤਾਰ ਘੱਟ ਜਾਵੇਗੀ। ਬਠਿੰਡਾ, ਅੰਮ੍ਰਿਤਸਰ, ਤਰਨਤਾਰਨ, ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਤੇਜ਼ ਹਵਾਵਾਂ ਚੱਲਣਗੀਆਂ। ਮੌਸਮ ਦੀ ਮੌਜੂਦਾ ਰਫ਼ਤਾਰ ਨੂੰ ਦੇਖਦੇ ਹੋਏ ਇਹ ਸਪੱਸ਼ਟ ਹੈ ਕਿ ਮਾਨਸੂਨ ਆਪਣੇ ਤੈਅ ਸਮੇਂ ਅਨੁਸਾਰ ਜੂਨ ਦੇ ਅਖੀਰ ਵਿੱਚ ਆ ਜਾਵੇਗਾ।