ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਅਤੇ ਹੁੰਮਸ ਦਾ ਕਹਿਰ ਲਗਾਤਾਰ ਜਾਰੀ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਬੁਲੇਟਿਨ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੇ ਬਾਵਜੂਦ ਲੋਕਾਂ ਨੂੰ ਗਰਮੀ ਤੋਂ ਕੋਈ ਖਾਸ ਰਾਹਤ ਨਹੀਂ ਮਿਲੀ।
ਇੱਥੇ ਹੀ ਦੱਸ ਦੀਏ ਪਠਾਨਕੋਟ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੰਗਲਵਾਰ ਸਵੇਰੇ ਹੋਈ ਬਾਰਿਸ਼ ਨੇ ਪਠਾਨਕੋਟ ਦੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਹੈ। ਸਵੇਰ ਤੋਂ ਹੀ ਅਸਮਾਨ ਵਿੱਚ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਦੇ ਅਨੁਸਾਰ, 30 ਜੂਨ ਤੋਂ 4 ਜੁਲਾਈ ਤੱਕ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਬੱਦਲਵਾਈ ਰਹੇਗੀ। ਇਸ ਦੌਰਾਨ ਗਰਜ-ਚਮਕ ਦੇ ਨਾਲ ਹਲਕੀ ਬਾਰਿਸ਼ ਜਾਂ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ। 1 ਜੁਲਾਈ ਤੋਂ ਬਾਅਦ ਬਾਰਿਸ਼ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਆਵੇਗੀ, ਜਿਸ ਨਾਲ ਤਾਪਮਾਨ ਵਿੱਚ ਹੌਲੀ-ਹੌਲੀ ਗਿਰਾਵਟ ਆਵੇਗੀ ਅਤੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਘਟ ਕੇ 37 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ।
ਰਾਤਾਂ ਵੀ ਗਰਮ…
ਪੰਜਾਬ ਦੇ ਕਈ ਇਲਾਕਿਆਂ ਵਿੱਚ ਦਿਨ ਵੇਲੇ ਲੂ ਵਰਗੇ ਹਾਲਾਤ ਬਣੇ ਹੋਏ ਹਨ, ਜਦਕਿ ਰਾਤ ਦੇ ਤਾਪਮਾਨ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਈ ਥਾਵਾਂ 'ਤੇ 'ਵਾਰਮ ਨਾਈਟ' (ਗਰਮ ਰਾਤਾਂ) ਦੀ ਸਥਿਤੀ ਦਰਜ ਕੀਤੀ ਹੈ, ਜਿਸ ਕਾਰਨ ਲੋਕਾਂ ਨੂੰ ਰਾਤ ਸਮੇਂ ਵੀ ਹੁੰਮਸ ਅਤੇ ਗਰਮੀ ਤੋਂ ਨਿਜਾਤ ਨਹੀਂ ਮਿਲ ਰਹੀ। ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਇਲਾਕਾ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 44.4°C ਦਰਜ ਕੀਤਾ ਗਿਆ ਹੈ।
ਅੱਜ ਸਵੇਰੇ ਬਿਜਲੀ ਦੀ ਮੰਗ 16,200 ਮੈਗਾਵਾਟ ਤੱਕ ਪਹੁੰਚ ਗਈ ਸੀ, ਜੋ ਕਿ ਹੁਣ ਘੱਟ ਕੇ 15,686 ਮੈਗਾਵਾਟ ਰਹਿ ਗਈ ਹੈ। ਇਸ ਮੰਗ ਨੂੰ ਪੂਰਾ ਕਰਨ ਲਈ 10,484 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਖਰੀਦੀ ਜਾ ਰਹੀ ਹੈ, ਜਦਕਿ ਪੰਜਾਬ ਦੇ ਆਪਣੇ ਪਾਵਰ ਪਲਾਂਟਾਂ ਵਿੱਚੋਂ ਲਗਭਗ 5,200 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਮੌਸਮ ਦੀ ਸਥਿਤੀ ਦੇ ਮੱਦੇਨਜ਼ਰ ਬਿਜਲੀ ਦੀ ਇਹ ਮੰਗ ਕਾਫ਼ੀ ਜ਼ਿਆਦਾ ਬਣੀ ਹੋਈ ਹੈ।
ਹੁੰਮਸ ਨੇ ਕੀਤਾ ਹੋਇਆ ਤੰਗ
ਚੰਡੀਗੜ੍ਹ ਵਿੱਚ ਗਰਮੀ ਦੇ ਨਾਲ-ਨਾਲ ਵਧ ਰਹੀ ਹੁੰਮਸ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 39.6°C ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 3.3°C ਜ਼ਿਆਦਾ ਹੈ। ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ 30.3°C ਰਿਕਾਰਡ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 3.7°C ਜ਼ਿਆਦਾ ਹੈ। ਤਾਪਮਾਨ ਵਿੱਚ ਇਸ ਵਾਧੇ ਕਾਰਨ ਲੋਕਾਂ ਨੂੰ ਰਾਤ ਦੇ ਸਮੇਂ ਵੀ ਗਰਮੀ ਅਤੇ ਬੇਚੈਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੁਲਾਈ ਦੀ ਸ਼ੁਰੂਆਤ ਵਿੱਚ ਮੌਸਮ ਵਿੱਚ ਬਦਲਾਅ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ, ਅੱਜ ਗਰਮੀ ਅਤੇ ਹੁੰਮਸ ਤੋਂ ਰਾਹਤ ਲਈ ਲੋਕਾਂ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਮਹੀਨੇ ਦੇ ਆਖਰੀ ਦਿਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਮੁੱਖ ਤੌਰ 'ਤੇ ਸਾਫ਼ ਰਹੇਗਾ ਜਾਂ ਅਸਮਾਨ ਵਿੱਚ ਕੁਝ ਬੱਦਲ ਛਾਏ ਰਹਿਣਗੇ। ਕੁਝ ਸਥਾਨਾਂ 'ਤੇ ਹਲਕੀ ਬੂੰਦਾ-ਬਾਂਦੀ ਹੋ ਸਕਦੀ ਹੈ, ਪਰ ਮੌਸਮ ਵਿਭਾਗ ਨੇ ਅੱਜ ਦੇ ਦਿਨ ਲਈ ਕੋਈ ਵਿਸ਼ੇਸ਼ ਚੇਤਾਵਨੀ (ਅਲਰਟ) ਜਾਰੀ ਨਹੀਂ ਕੀਤੀ ਹੈ।
1 ਜੁਲਾਈ ਤੋਂ ਮੌਸਮ ਵਿੱਚ ਬਦਲਾਅ ਦੀ ਸ਼ੁਰੂਆਤ ਹੋਵੇਗੀ। ਮੌਸਮ ਵਿਭਾਗ ਨੇ 1 ਜੁਲਾਈ ਲਈ ਹਨ੍ਹੇਰੀ-ਤੂਫਾਨ ਅਤੇ ਤੇਜ਼ ਹਵਾਵਾਂ ਚੱਲਣ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ। ਇਸ ਤੋਂ ਬਾਅਦ 2, 3 ਅਤੇ 4 ਜੁਲਾਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ ਗਰਜ-ਚਮਕ ਅਤੇ ਬਿਜਲੀ ਕੜਕਣ ਦੇ ਆਸਾਰ ਰਹਿਣਗੇ, ਨਾਲ ਹੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।