Trending:
ਪੰਜਾਬ ਤੋਂ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਅਤੇ ਉਦਯੋਗਪਤੀ ਰਾਜਿੰਦਰ ਗੁਪਤਾ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਸੰਸਦ ਭਵਨ ਵਿੱਚ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਹੈ। ਰਾਜਿੰਦਰ ਗੁਪਤਾ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਸਹੁੰ ਚੁਕਾਈ ।
ਖਾਸ ਗੱਲ ਇਹ ਰਹੀ ਕਿ ਰਾਜਿੰਦਰ ਗੁਪਤਾ ਨੇ ਸੰਸਦ ਵਿੱਚ ਪੰਜਾਬੀ ਭਾਸ਼ਾ ਵਿੱਚ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆ ਹੈ । ਦੱਸ ਦਈਏ ਕਿ ਸੰਜੀਵ ਅਰੋੜਾ ਵੱਲੋਂ ਪਹਿਲੀ ਜੁਲਾਈ ਨੂੰ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਮਗਰੋਂ ਇਹ ਸੀਟ ਖ਼ਾਲੀ ਹੋਈ ਸੀ । ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੂੰ ਪਿਛਲੇ ਮਹੀਨੇ ਹੀ ਪੰਜਾਬ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣਿਆ ਗਿਆ ਸੀ।
ਕੌਣ ਹਨ ਰਜਿੰਦਰ ਗੁਪਤਾ
ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਉਦਯੋਗਪਤੀਆਂ ਵਿੱਚੋਂ ਇੱਕ ਹਨ। ਟ੍ਰਾਈਡੈਂਟ ਗਰੁੱਪ ਵੱਲੋਂ ਬਣਾਏ ਜਾਣ ਵਾਲੇ ਉਤਪਾਦ ਅੱਜ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਵੀ ਜਾ ਰਹੇ ਹਨ। ਟ੍ਰਾਈਡੈਂਟ ਗਰੁੱਪ ਦੀਆਂ ਯੂਨਿਟਾਂ ਲੁਧਿਆਣਾ, ਬਰਨਾਲਾ ਅਤੇ ਧੌਲਾ ਵਿੱਚ ਸਥਿਤ ਹਨ। ਲੁਧਿਆਣਾ ਵਿੱਚ ਕੰਪਨੀ ਦਾ ਕਾਰਪੋਰੇਟ ਦਫ਼ਤਰ ਹੈ, ਜਦਕਿ ਬਰਨਾਲਾ, ਧੌਲਾ ਅਤੇ ਮੱਧ ਪ੍ਰਦੇਸ਼ ਦੇ ਬੁਦਨੀ ਅਤੇ ਭੋਪਾਲ ਵਿੱਚ ਕੰਪਨੀ ਵੱਲੋਂ ਉਤਪਾਦ ਤਿਆਰ ਕੀਤੇ ਜਾ ਰਹੇ ਹਨ। ਕੰਪਨੀ ਦੀਆਂ ਚੰਡੀਗੜ੍ਹ, ਦਿੱਲੀ, ਯੂ.ਪੀ., ਰਾਜਸਥਾਨ ਸਹਿਤ ਵਿਦੇਸ਼ ਵਿੱਚ ਵੀ ਸ਼ਾਖਾਂ ਹਨ।