ਇਸ ਸਮੇਂ ਉੱਤਰ ਭਾਰਤ ਦੇ ਵਿੱਚ ਤਿੱਖੀ ਗਰਮੀ ਪੈ ਰਹੀ ਹੈ। ਜਿਸ ਕਰਕੇ ਲੋਕ ਪ੍ਰੇਸ਼ਾਨ ਹੋਏ ਪਏ ਹਨ। ਵੱਧੀ ਹੋਈ ਗਰਮੀ ਕਰਕੇ ਬਿਜਲੀ ਦੀ ਖਪਤ ਵਿੱਚ ਵੀ ਤੇਜ਼ੀ ਦੇ ਨਾਲ ਵਾਧਾ ਹੋਇਆ। ਦੱਸ ਦਈਏ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਇੱਕ ਵਾਰ ਫਿਰ ਤੋਂ ਕਰਵਟ ਲੈ ਲਈ ਹੈ। ਅੱਜ ਸਵੇਰ ਤੋਂ ਹੀ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਅੱਜ (11 ਮਈ) ਨੂੰ ਧੂੜ ਭਰੀ ਹਨ੍ਹੇਰੀ, ਗਰਜ-ਚਮਕ ਅਤੇ ਤੇਜ਼ ਹਵਾਵਾਂ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।
ਲੂ ਤੋਂ ਮਿਲੇਗੀ ਰਾਹਤ
ਮੌਸਮ ਵਿਭਾਗ ਮੁਤਾਬਕ 14 ਮਈ ਤੱਕ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਹੇਗਾ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਤਾਪਮਾਨ ਵਿੱਚ 0.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਇਹ ਅਜੇ ਵੀ ਆਮ ਤਾਪਮਾਨ ਨਾਲੋਂ 2.8 ਡਿਗਰੀ ਹੇਠਾਂ ਚੱਲ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਅਤੇ ਲੂ ਤੋਂ ਰਾਹਤ ਮਿਲੀ ਹੋਈ ਹੈ।
ਪੰਜਾਬ ਵਿੱਚ ਫਰੀਦਕੋਟ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 42.8 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ ਕਈ ਥਾਵਾਂ 'ਤੇ ਗਰਜ-ਚਮਕ ਅਤੇ ਅਸਮਾਨੀ ਬਿਜਲੀ ਦੇ ਨਾਲ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲ ਸਕਦੀਆਂ ਹਵਾਵਾਂ
ਦੂਜੇ ਪਾਸੇ ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਕੁਝ ਥਾਵਾਂ 'ਤੇ ਗਰਜ-ਚਮਕ ਅਤੇ ਅਸਮਾਨੀ ਬਿਜਲੀ ਦੇ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਵਿੱਚ ਕੁਝ ਸਥਾਨਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਜਤਾਈ ਗਈ ਹੈ।
ਪਾਰਾ 40 ਤੋਂ ਪਾਰ
ਪੰਜਾਬ ਵਿੱਚ ਕਈ ਦਿਨਾਂ ਬਾਅਦ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 42.8 ਡਿਗਰੀ ਅਤੇ ਬਠਿੰਡਾ ਵਿੱਚ 40.9 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਫਾਜ਼ਿਲਕਾ ਵਿੱਚ 39.0, ਫਿਰੋਜ਼ਪੁਰ ਵਿੱਚ 37.1, ਐੱਸ.ਬੀ.ਐੱਸ. ਨਗਰ ਵਿੱਚ 36.7, ਪਠਾਨਕੋਟ ਵਿੱਚ 36.0, ਅੰਮ੍ਰਿਤਸਰ ਵਿੱਚ 35.9, ਪਟਿਆਲਾ ਵਿੱਚ 35.8, ਲੁਧਿਆਣਾ ਵਿੱਚ 35.6 ਅਤੇ ਚੰਡੀਗੜ੍ਹ ਵਿੱਚ 35.0 ਡਿਗਰੀ ਤਾਪਮਾਨ ਰਿਹਾ। ਹੋਰਨਾਂ ਇਲਾਕਿਆਂ ਵਿੱਚ ਸ੍ਰੀ ਅਨੰਦਪੁਰ ਸਾਹਿਬ 'ਚ 34.8, ਮੋਹਾਲੀ ਏਅਰਪੋਰਟ 'ਤੇ 34.6, ਭਾਖੜਾ ਡੈਮ 'ਚ 34.5, ਹੁਸ਼ਿਆਰਪੁਰ 'ਚ 34.1 ਅਤੇ ਰੋਪੜ ਵਿੱਚ 34.0 ਡਿਗਰੀ ਤਾਪਮਾਨ ਦਰਜ ਹੋਇਆ।
ਤਾਪਮਾਨ ਵਿੱਚ ਸਭ ਤੋਂ ਵੱਧ 2.5 ਡਿਗਰੀ ਦਾ ਵਾਧਾ ਫਰੀਦਕੋਟ ਵਿੱਚ ਦੇਖਿਆ ਗਿਆ, ਜਦੋਂ ਕਿ ਬਠਿੰਡਾ ਅਤੇ ਐੱਸ.ਬੀ.ਐੱਸ. ਨਗਰ ਵਿੱਚ ਕ੍ਰਮਵਾਰ 1.8 ਅਤੇ 1.5 ਡਿਗਰੀ ਦਾ ਵਾਧਾ ਹੋਇਆ। ਦੂਜੇ ਪਾਸੇ, ਰੋਪੜ ਵਿੱਚ 1.5 ਡਿਗਰੀ ਅਤੇ ਭਾਖੜਾ ਡੈਮ ਵਿੱਚ 1.0 ਡਿਗਰੀ ਦਾ ਵਾਧਾ ਹੋਇਆ, ਜਦਕਿ ਪਟਿਆਲਾ ਅਤੇ ਚੰਡੀਗੜ੍ਹ ਵਿੱਚ ਤਾਪਮਾਨ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ।
ਵੈਸਟਰਨ ਡਿਸਟਰਬਨ (Western Disturbance) ਹੋਇਆ ਐਕਟਿਵ
ਮੌਸਮ ਵਿਗਿਆਨ ਕੇਂਦਰ ਅਨੁਸਾਰ ਇਲਾਕੇ ਵਿੱਚ ਇੱਕ ਨਵਾਂ ਵੈਸਟਰਨ ਡਿਸਟਰਬਨ ਸਰਗਰਮ ਹੋ ਗਿਆ ਹੈ। ਬੀਤੀ ਰਾਤ ਇਹ ਪਹਾੜੀ ਖੇਤਰਾਂ ਵਿੱਚ ਪਹੁੰਚ ਗਿਆ, ਜਿਸ ਦੇ ਪ੍ਰਭਾਵ ਨਾਲ ਪੰਜਾਬ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ 11 ਮਈ ਦੀ ਰਾਤ ਜਾਂ 12 ਮਈ ਦੀ ਸਵੇਰ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ।
ਅਗਲੇ ਤਿੰਨ ਦਿਨਾਂ ਦੇ ਮੌਸਮ ਦਾ ਹਾਲ
12 ਮਈ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਕੁਝ ਥਾਵਾਂ 'ਤੇ ਗਰਜ-ਚਮਕ ਤੇ ਅਸਮਾਨੀ ਬਿਜਲੀ ਦੇ ਨਾਲ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਹਨਾਂ ਇਲਾਕਿਆਂ ਦੇ ਨਾਲ-ਨਾਲ ਫ਼ਾਜ਼ਿਲਕਾ ਅਤੇ ਮੁਕਤਸਰ ਵਿੱਚ ਵੀ ਮੀਂਹ ਪੈਣ ਦੇ ਆਸਾਰ ਹਨ।
13 ਮਈ: ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕੁਝ ਥਾਵਾਂ 'ਤੇ ਗਰਜ-ਚਮਕ, ਅਸਮਾਨੀ ਬਿਜਲੀ ਅਤੇ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਰੂਪਨਗਰ ਅਤੇ ਮੋਹਾਲੀ ਵਿੱਚ ਵੀ ਮੀਂਹ ਪੈਣ ਦੇ ਆਸਾਰ ਹਨ।
14 ਮਈ: ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਕਪੂਰਥਲਾ ਵਿੱਚ ਕੁਝ ਥਾਵਾਂ 'ਤੇ ਗਰਜ-ਚਮਕ, ਅਸਮਾਨੀ ਬਿਜਲੀ ਅਤੇ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਹਨਾਂ ਪੰਜੇ ਜ਼ਿਲ੍ਹਿਆਂ ਵਿੱਚ ਕੁਝ ਸਥਾਨਾਂ 'ਤੇ ਹਲਕੇ ਤੋਂ ਦਰਮਿਆਨੇ ਮੀਂਹ ਦਾ ਵੀ ਅਨੁਮਾਨ ਲਗਾਇਆ ਗਿਆ ਹੈ।