Monday, 6th of April 2026

ਪੰਜਾਬ ਦੇ ਮੌਸਮ ਦਾ ਅਪਡੇਟ: ਕਣਕ ਦੀ ਫ਼ਸਲ ਲਈ ਚਿੰਤਾ, ਪੰਜਾਬ 'ਚ 3 ਦਿਨਾਂ ਲਈ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

By: GTC News Desk | Edited By: Lajwinder Kaur | Updated at: April 06th 2026 09:56 AM
ਪੰਜਾਬ ਦੇ ਮੌਸਮ ਦਾ ਅਪਡੇਟ: ਕਣਕ ਦੀ ਫ਼ਸਲ ਲਈ ਚਿੰਤਾ, ਪੰਜਾਬ 'ਚ 3 ਦਿਨਾਂ ਲਈ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਪੰਜਾਬ ਦੇ ਮੌਸਮ ਦਾ ਅਪਡੇਟ: ਕਣਕ ਦੀ ਫ਼ਸਲ ਲਈ ਚਿੰਤਾ, ਪੰਜਾਬ 'ਚ 3 ਦਿਨਾਂ ਲਈ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ 6 ਅਪ੍ਰੈਲ ਤੋਂ ਮੌਸਮ ਕਰਵਟ ਲੈਣ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ, ਇਸ ਦੌਰਾਨ ਗਰਜ-ਚਮਕ ਦੇ ਨਾਲ ਤੇਜ਼ ਹਵਾਵਾਂ, ਹਨੇਰੀ ਅਤੇ ਕਈ ਥਾਵਾਂ 'ਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ। ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿ ਸਕਦੀ ਹੈ। ਵਿਭਾਗ ਨੇ ਸਥਿਤੀ ਨੂੰ ਦੇਖਦੇ ਹੋਏ ਅੱਜ ਲਈ 'ਯੈਲੋ ਅਲਰਟ' ਅਤੇ ਆਉਣ ਵਾਲੇ ਅਗਲੇ ਦੋ ਦਿਨਾਂ ਲਈ 'ਔਰੇਂਜ ਅਲਰਟ' ਜਾਰੀ ਕੀਤਾ ਹੈ। ਹਾਲ ‘ਚ ਹੀ ਹੋਈ ਬਾਰਿਸ਼ ਕਰਕੇ ਤਾਪਮਾਨ ਘੱਟ ਹੋਣ ਕਰਕੇ ਗਰਮੀ ਤੋਂ ਕੁੱਝ ਰਾਹਤ ਮਹਿਸੂਸ ਹੋਈ ਹੈ। ਪਰ ਦਿਨ ਦੇ ਵਿੱਚ ਤੇਜ਼ ਧੁੱਪ ਕਰਕੇ ਲੋਕਾਂ ਨੂੰ ਤਿੱਖੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਪਾਰੇ ਵਿੱਚ 1.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਇਹ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਬੀਤੇ ਦਿਨ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 33.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿੱਚ ਆ ਰਹੀ ਇਸ ਤਬਦੀਲੀ ਕਾਰਨ ਕਿਸਾਨਾਂ ਦੀ ਚਿੰਤਾ ਵਧ ਸਕਦੀ ਹੈ, ਕਿਉਂਕਿ ਇਹ ਸਮਾਂ ਫ਼ਸਲਾਂ ਦੀ ਕਟਾਈ ਦਾ ਹੈ।

ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਹਨੇਰੀ-ਤੂਫ਼ਾਨ ਦਾ ਅਲਰਟ

ਅੱਜ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਵੱਲੋਂ 14 ਜ਼ਿਲ੍ਹਿਆਂ ਵਿੱਚ ਮੀਂਹ ਅਤੇ 6 ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ-ਤੂਫ਼ਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਵੇਰਵਿਆਂ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਵਿੱਚ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ। ਖ਼ਰਾਬ ਮੌਸਮ ਦੇ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਉੱਥੇ ਹੀ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਗਰਜ-ਚਮਕ ਦੇ ਨਾਲ ਤੂਫ਼ਾਨ ਆਉਣ ਅਤੇ 30–40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਨ੍ਹਾਂ ਇਲਾਕਿਆਂ ਦੇ ਨਿਵਾਸੀਆਂ ਨੂੰ ਖ਼ਰਾਬ ਮੌਸਮ ਦੌਰਾਨ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

ਕੱਲ੍ਹ ਤੋਂ ਨਵਾਂ ਪੱਛਮੀ ਚੱਕਰਵਾਤ (Western Disturbance) ਹੋਵੇਗਾ ਸਰਗਰਮ

ਪੱਛਮੀ ਚੱਕਰਵਾਤ ਯਾਨੀਕਿ ਵੈਸਟਨ ਡਿਸਟਰਬਨ ਇਸ ਸਮੇਂ ਪਾਕਿਸਤਾਨ ਅਤੇ ਪੰਜਾਬ ਦੇ ਨੇੜੇ ਬਣਿਆ ਹੋਇਆ ਹੈ, ਜੋ ਕਿ ਅਸਮਾਨ ਵਿੱਚ ਕੁਝ ਕਿਲੋਮੀਟਰ ਦੀ ਉਚਾਈ 'ਤੇ ਮੌਜੂਦ ਹੈ ਅਤੇ ਇਸੇ ਕਾਰਨ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਉੱਪਰ ਬਣਿਆ ਹਵਾਵਾਂ ਦਾ ਘੇਰਾ ਹੁਣ ਅੱਗੇ ਵੱਧ ਕੇ ਪੱਛਮੀ ਉੱਤਰ ਪ੍ਰਦੇਸ਼ ਵੱਲ ਚਲਾ ਗਿਆ ਹੈ।

ਇਸ ਤੋਂ ਇਲਾਵਾ, 7 ਅਪ੍ਰੈਲ 2026 ਤੋਂ ਇੱਕ ਨਵਾਂ ਪੱਛਮੀ ਚੱਕਰਵਾਤ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰੇਗਾ। ਇਸ ਦੇ ਪ੍ਰਭਾਵ ਹੇਠ ਮੌਸਮ ਵਿੱਚ ਮੁੜ ਤਬਦੀਲੀ ਆ ਸਕਦੀ ਹੈ, ਜਿਸ ਦੌਰਾਨ ਬਾਰਿਸ਼, ਤੇਜ਼ ਹਨੇਰੀ ਅਤੇ ਅਸਮਾਨ ਵਿੱਚ ਬੱਦਲਵਾਈ ਬਣੀ ਰਹਿਣ ਦੀ ਸੰਭਾਵਨਾ ਹੈ।

ਅੱਠ ਅਪ੍ਰੈਲ ਤੱਕ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, 6 ਅਪ੍ਰੈਲ ਨੂੰ ਕੁਝ ਥਾਵਾਂ 'ਤੇ ਗਰਜ-ਚਮਕ ਦੇ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। 7 ਅਤੇ 8 ਅਪ੍ਰੈਲ ਨੂੰ ਸੂਬੇ ਦੇ ਕੁਝ ਇਲਾਕਿਆਂ ਵਿੱਚ ਗੜ੍ਹੇਮਾਰੀ ਦੀ ਸੰਭਾਵਨਾ ਹੈ, ਅਤੇ ਨਾਲ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ।

ਅਗਲੇ 48 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 4 ਡਿਗਰੀ ਦਾ ਵਾਧਾ ਹੋਵੇਗਾ, ਪਰ ਉਸ ਤੋਂ ਬਾਅਦ ਤਾਪਮਾਨ ਵਿੱਚ ਮੁੜ 3 ਤੋਂ 4 ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਗਈ ਹੈ।