Tuesday, 9th of June 2026

ਪੰਜਾਬ ਦੇ 8 ਜ਼ਿਲ੍ਹਿਆਂ 'ਚ ਹੀਟਵੇਵ ਦਾ ਅਲਰਟ; ਤਾਪਮਾਨ ਵਧਿਆ, ਬਿਜਲੀ ਦੀ ਮੰਗ ਸਿਖਰ 'ਤੇ, ਜਾਣੋ ਕਦੋਂ ਹੋਏਗੀ ਬਾਰਿਸ਼

By: GTC News Desk | Edited By: Lajwinder Kaur | Updated at: June 09th 2026 10:22 AM
Trending News
ਪੰਜਾਬ ਦੇ 8 ਜ਼ਿਲ੍ਹਿਆਂ 'ਚ ਹੀਟਵੇਵ ਦਾ ਅਲਰਟ; ਤਾਪਮਾਨ ਵਧਿਆ, ਬਿਜਲੀ ਦੀ ਮੰਗ ਸਿਖਰ 'ਤੇ, ਜਾਣੋ ਕਦੋਂ ਹੋਏਗੀ ਬਾਰਿਸ਼

ਪੰਜਾਬ ਦੇ 8 ਜ਼ਿਲ੍ਹਿਆਂ 'ਚ ਹੀਟਵੇਵ ਦਾ ਅਲਰਟ; ਤਾਪਮਾਨ ਵਧਿਆ, ਬਿਜਲੀ ਦੀ ਮੰਗ ਸਿਖਰ 'ਤੇ, ਜਾਣੋ ਕਦੋਂ ਹੋਏਗੀ ਬਾਰਿਸ਼

ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਸੋਮਵਾਰ (9 ਜੂਨ) ਨੂੰ ਹੀਟਵੇਵ (ਲੂ) ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਇਸ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਰਾਜਸਥਾਨ ਨਾਲ ਲੱਗਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਗਰਮੀ ਦਾ ਕਹਿਰ ਵਧਣ ਦੀ ਸੰਭਾਵਨਾ ਹੈ। ਇਨ੍ਹਾਂ ਇਲਾਕਿਆਂ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ। ਇਸ ਦੇ ਨਾਲ ਹੀ, ਪਠਾਨਕੋਟ ਵਿੱਚ 44 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਤਾਪਮਾਨ ਆਮ ਨਾਲੋਂ 2.3 ਡਿਗਰੀ ਜ਼ਿਆਦਾ ਚੱਲ ਰਿਹਾ ਹੈ। ਸਭ ਤੋਂ ਵੱਧ ਤਾਪਮਾਨ ਸ੍ਰੀ ਆਨੰਦਪੁਰ ਸਾਹਿਬ ਵਿੱਚ 44.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 41.0 ਡਿਗਰੀ ਸੈਲਸੀਅਸ ਰਿਹਾ।

ਮੌਸਮ ਵਿਭਾਗ ਮੁਤਾਬਕ, 10 ਜੂਨ ਨੂੰ ਵੀ ਗਰਮੀ ਦਾ ਇਹ ਹਾਲ ਬਣਿਆ ਰਹੇਗਾ। ਹਾਲਾਂਕਿ, 11 ਜੂਨ ਤੋਂ ਮੌਸਮ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਕਈ ਇਲਾਕਿਆਂ ਵਿੱਚ ਮੀਂਹ ਪੈਣ, ਗਰਜ-ਚਮਕ ਅਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਹੈ।

ਗਰਮੀ ਕਰਕੇ ਬਦਲਿਆ ਗਿਆ ਸੀ ਸਮਾਂ

ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਵੀ ਕਾਫ਼ੀ ਵਧ ਗਈ ਹੈ। ਸੋਮਵਾਰ ਨੂੰ ਇਹ ਮੰਗ 14203 ਮੈਗਾਵਾਟ ਤੱਕ ਪਹੁੰਚ ਗਈ। ਇਸ ਤੋਂ ਪਹਿਲਾਂ 21 ਮਈ ਨੂੰ ਬਿਜਲੀ ਦੀ ਮੰਗ 14238 ਮੈਗਾਵਾਟ ਦਰਜ ਕੀਤੀ ਗਈ ਸੀ। ਦੂਜੇ ਪਾਸੇ, ਬਿਜਲੀ ਬਚਾਉਣ ਲਈ ਪੰਜਾਬ ਸਰਕਾਰ ਨੇ 15 ਜੁਲਾਈ ਤੱਕ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਕਰ ਦਿੱਤਾ ਹੈ, ਜਦਕਿ ਸਕੂਲਾਂ ਵਿੱਚ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ।

ਅਗਲੇ 3 ਦਿਨਾਂ ਦਾ ਮੌਸਮ ਇਸ ਤਰ੍ਹਾਂ ਰਹੇਗਾ:

10 ਜੂਨ: ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਹੀਟਵੇਵ (ਲੂ) ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

11 ਜੂਨ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਪਟਿਆਲਾ ਵਿੱਚ ਕੁਝ ਥਾਵਾਂ 'ਤੇ ਗਰਜ-ਚਮਕ ਨਾਲ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਕੁਝ ਥਾਵਾਂ 'ਤੇ ਲੂ ਜਾਰੀ ਰਹਿ ਸਕਦੀ ਹੈ। ਰੂਪਨਗਰ ਅਤੇ ਮੋਹਾਲੀ ਵਿੱਚ ਵੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਗਰਜ-ਚਮਕ ਦੇਖਣ ਨੂੰ ਮਿਲ ਸਕਦੀ ਹੈ।

12 ਜੂਨ: ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਹਨੇਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਇਨ੍ਹਾਂ ਦਿਨਾਂ ਹੋ ਸਕਦੀ ਹਲਕੀ ਬਾਰਿਸ਼

11, 13 ਅਤੇ 14 ਜੂਨ ਨੂੰ ਸੂਬੇ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ, 12 ਜੂਨ ਨੂੰ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੇ ਨਾਲ-ਨਾਲ ਕੁਝ ਥਾਵਾਂ 'ਤੇ ਗੜ੍ਹੇਮਾਰੀ ਹੋਣ ਦੀ ਵੀ ਸੰਭਾਵਨਾ ਹੈ। ਇਨ੍ਹਾਂ ਦਿਨਾਂ ਦੌਰਾਨ ਕੁਝ ਥਾਵਾਂ 'ਤੇ ਗਰਜ-ਚਮਕ ਨਾਲ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

30 ਜੂਨ ਤੋਂ ਮਾਨਸੂਨ ਦੇ ਸਕਦੀ ਦਸਤਕ

ਮਾਨਸੂਨ ਲਗਾਤਾਰ ਅੱਗੇ ਵਧ ਰਿਹਾ ਹੈ ਅਤੇ ਦੇਸ਼ ਦੇ ਕਈ ਨਵੇਂ ਇਲਾਕਿਆਂ ਤੱਕ ਪਹੁੰਚ ਚੁੱਕਾ ਹੈ। ਪੰਜਾਬ ਵਿੱਚ ਮਾਨਸੂਨ ਦੇ 30 ਜੂਨ ਦੇ ਆਸ-ਪਾਸ ਦਾਖ਼ਲ ਹੋਣ ਦੀ ਸੰਭਾਵਨਾ ਹੈ। ਮੱਧ ਪੰਜਾਬ (ਲੁਧਿਆਣਾ, ਜਲੰਧਰ ਆਦਿ) ਵਿੱਚ ਮਾਨਸੂਨ 5 ਜੁਲਾਈ ਦੇ ਕਰੀਬ ਪਹੁੰਚ ਸਕਦਾ ਹੈ, ਜਦਕਿ ਉੱਤਰੀ ਪੰਜਾਬ (ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਆਦਿ) ਵਿੱਚ ਇਸ ਦੇ 8 ਜੁਲਾਈ ਦੇ ਆਸ-ਪਾਸ ਪਹੁੰਚਣ ਦਾ ਅਨੁਮਾਨ ਹੈ।

Latest News