ਉੱਤਰੀ ਭਾਰਤ ਵਿੱਚ ਭਾਰੀ ਠੰਡ ਪੈਣੀ ਸ਼ੁਰੂ ਹੋ ਗਈ ਹੈ। ਪੰਜਾਬ ਤੋਂ ਲੈ ਕੇ ਦਿੱਲੀ ਤੱਕ ਮੌਸਮ ਠੰਡਾ ਚੱਲ ਰਿਹਾ ਹੈ। ਪਹਾੜੀ ਰਾਜਾਂ ਵਿੱਚ ਬਰਫ਼ਬਾਰੀ ਤੋਂ ਬਾਅਦ, ਪੂਰੇ ਉੱਤਰੀ ਭਾਰਤ ਵਿੱਚ ਸਰਦੀ ਫੈਲਣੀ ਸ਼ੁਰੂ ਹੋ ਗਈ ਹੈ। ਪੰਜਾਬ ਸਣੇ ਰਾਜਧਾਨੀ ਦਿੱਲੀ ਵਿੱਚ ਵੀ ਹੌਲੀ-ਹੌਲੀ ਠੰਡ ਪੈ ਰਹੀ ਹੈ, ਸਵੇਰੇ ਧੁੰਦ ਸਾਫ਼ ਦਿਖਾਈ ਦੇ ਰਹੀ ਹੈ।
ਫਰੀਦਕੋਟ ਸਭ ਤੋਂ ਠੰਡਾ ਜ਼ਿਲ੍ਹਾ ਸੀ, ਜਿਸਦਾ ਘੱਟੋ-ਘੱਟ ਤਾਪਮਾਨ 4 ਡਿਗਰੀ ਸੀ। ਇਸੇ ਤਰ੍ਹਾਂ ਹਰਿਆਣਾ ਦਾ ਹਿਸਾਰ ਸ਼ਹਿਰ ਸਭ ਤੋਂ ਠੰਡਾ ਰਿਹਾ ਹੈ, ਜਿੱਥੇ ਘੱਟ ਤੋਂ ਘੱਟ ਤਾਪਮਾਨ 6.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਚਾਰ ਦਿਨ ਮੌਸਮ ਸਾਫ ਰਹਿਣ ਅਤੇ 30 ਨਵੰਬਰ ਤੋਂ ਮਾਮੂਲੀ ਬਦਲਾਅ ਦੀ ਪੇਸ਼ੀਨਗੋਈ ਕੀਤੀ ਹੈ। 30 ਨਵੰਬਰ ਨੂੰ ਕਈ ਥਾਵਾਂ ’ਤੇ ਬੱਦਲਵਾਈ ਰਹਿ ਸਕਦੀ ਹੈ, ਜਿਸ ਕਰਕੇ ਦਿਨ ਸਮੇਂ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ।
ਮੌਸਮ ਵਿਭਾਗ ਦੇ ਅਨੁਸਾਰ, ਅਗਲੇ 7 ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਖੁਸ਼ਕ ਰਹੇਗਾ। ਕੁਝ ਇਲਾਕਿਆਂ ਵਿੱਚ ਹਲਕੀ ਧੁੰਦ ਪੈ ਸਕਦੀ ਹੈ। ਹਾਲਾਂਕਿ, ਰਾਤ ਦਾ ਤਾਪਮਾਨ ਲਗਭਗ ਇੱਕੋ ਜਿਹਾ ਰਹੇਗਾ। ਇਸ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਇਸ ਦੌਰਾਨ, ਦਿੱਲੀ-ਅੰਬਾਲਾ ਹਾਈਵੇਅ ਅਤੇ ਅੰਬਾਲਾ-ਅੰਮ੍ਰਿਤਸਰ ਹਾਈਵੇਅ 'ਤੇ ਅਗਲੇ ਦੋ ਦਿਨਾਂ ਤੱਕ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ। ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ।
ਪੰਜਾਬ ਵਿੱਚ ਹਵਾ ਇਸ ਸਮੇਂ ਬਹੁਤ ਪ੍ਰਦੂਸ਼ਿਤ ਹੈ। ਰੂਪਨਗਰ ਨੂੰ ਛੱਡ ਕੇ, ਸਾਰੇ ਸ਼ਹਿਰਾਂ ਦਾ AQI 100 ਤੋਂ ਉੱਪਰ ਚੱਲ ਰਿਹਾ ਹੈ। ਮੰਡੀ ਗੋਬਿੰਦਗੜ੍ਹ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ ਹੈ। ਅੰਮ੍ਰਿਤਸਰ ਦਾ AQI ਸਵੇਰੇ 6 ਵਜੇ 196 ਦਰਜ ਕੀਤਾ ਗਿਆ, ਜਦੋਂ ਕਿ ਬਠਿੰਡਾ ਦਾ AQI 159, ਜਲੰਧਰ ਦਾ AQI 133, ਖੰਨਾ ਦਾ AQI 142 ਤੱਕ ਪਹੁੰਚ ਗਿਆ।