Tuesday, 28th of April 2026

ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼: ਕਈ ਸ਼ਹਿਰਾਂ 'ਚ ਮੀਂਹ ਤੇ ਤੇਜ਼ ਹਵਾਵਾਂ ਜਾਰੀ, ਦੋ ਦਿਨ ਭਾਰੀ ਮੀਂਹ ਤੇ ਝੱਖੜ ਦੀ ਚੇਤਾਵਨੀ

By: GTC News Desk | Edited By: Lajwinder Kaur | Updated at: April 28th 2026 09:36 AM
ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼: ਕਈ ਸ਼ਹਿਰਾਂ 'ਚ ਮੀਂਹ ਤੇ ਤੇਜ਼ ਹਵਾਵਾਂ ਜਾਰੀ, ਦੋ ਦਿਨ ਭਾਰੀ ਮੀਂਹ ਤੇ ਝੱਖੜ ਦੀ ਚੇਤਾਵਨੀ

ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼: ਕਈ ਸ਼ਹਿਰਾਂ 'ਚ ਮੀਂਹ ਤੇ ਤੇਜ਼ ਹਵਾਵਾਂ ਜਾਰੀ, ਦੋ ਦਿਨ ਭਾਰੀ ਮੀਂਹ ਤੇ ਝੱਖੜ ਦੀ ਚੇਤਾਵਨੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਪੈ ਰਹੀ ਅੱਤ ਦੀ ਗਰਮੀ ਦਰਮਿਆਨ ਅੱਜ ਯਾਨੀਕਿ 28 ਅਪ੍ਰੈਲ ਤੋਂ ਮੌਸਮ ਨੇ ਕਰਵਟ ਲੈ ਲਈ ਹੈ। ਕਈ ਇਲਾਕਿਆਂ 'ਚ ਅਸਮਾਨ ਵਿੱਚ ਬੱਦਲ ਛਾਏ ਹੋਏ ਹਨ, ਜਦਕਿ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਮੀਂਹ ਪੈਣ ਦੀਆਂ ਖਬਰਾਂ ਹਨ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਅਗਲੇ 2 ਦਿਨਾਂ ਲਈ ਤੇਜ਼ ਹਨੇਰੀ ਅਤੇ ਬਿਜਲੀ ਕੜਕਣ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 50 ਤੋਂ 60 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਲੂ (Heat Wave) ਤੋਂ ਰਾਹਤ ਮਿਲੇਗੀ। ਬੀਤੇ ਸੋਮਵਾਰ ਬਠਿੰਡਾ 43 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ, ਪਰ ਹੁਣ ਮੌਸਮ ਵਿੱਚ ਆਈ ਇਸ ਤਬਦੀਲੀ ਨਾਲ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਅੱਤ ਦੀ ਗਰਮੀ ਦਾ ਕਹਿਰ ਦੇਖਣ ਨੂੰ ਮਿਲੇਗਾ। ਅਪ੍ਰੈਲ ਮਹੀਨੇ ਦੇ ਵਿੱਚ ਹੀ ਉੱਤਰ ਭਾਰਤ ਅੱਗ ਦੀ ਭੱਠੀ ਵਾਂਗ ਤੱਪ ਰਿਹਾ ਹੈ।

ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ 20 ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ। ਵਿਭਾਗ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਤਹਿਗੜ੍ਹ ਸਾਹਿਬ, ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ), ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਵਿੱਚ ਤੇਜ਼ ਹਨੇਰੀ ਚੱਲ ਸਕਦੀ ਹੈ, ਜਦਕਿ ਇਨ੍ਹਾਂ ਸਾਰੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਉਮੀਦ ਹੈ।

ਹਨੇਰੀ ਤੇ ਮੀਂਹ ਦਾ ਅਲਰਟ

ਮੌਸਮ ਵਿੱਚ ਆਈ ਇਸ ਤਬਦੀਲੀ ਦਾ ਮੁੱਖ ਕਾਰਨ ਅਸਮਾਨ ਦੇ ਉਪਰਲੇ ਹਿੱਸੇ ਵਿੱਚ ਪੱਛਮ ਵੱਲੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਦੇ ਸਿਸਟਮ ਦਾ ਸਰਗਰਮ ਹੋਣਾ ਹੈ। ਇਹ ਸਿਸਟਮ ਇਸ ਵੇਲੇ ਉੱਤਰੀ ਭਾਰਤ, ਖਾਸ ਕਰਕੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਉੱਪਰੋਂ ਗੁਜ਼ਰ ਰਿਹਾ ਹੈ। ਇਸੇ ਕਾਰਨ ਸੂਬੇ ਵਿੱਚ ਤੇਜ਼ ਹਨੇਰੀ ਚੱਲਣ, ਮੀਂਹ ਪੈਣ ਅਤੇ ਬਿਜਲੀ ਕੜਕਣ ਦੀ ਸੰਭਾਵਨਾ ਕਾਫੀ ਵਧ ਗਈ ਹੈ।

ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਬਠਿੰਡਾ 43.0 ਡਿਗਰੀ ਨਾਲ ਸਭ ਤੋਂ ਗਰਮ ਰਿਹਾ। ਇਸ ਤੋਂ ਇਲਾਵਾ ਪਟਿਆਲਾ (42.1 ਡਿਗਰੀ), ਭਾਖੜਾ (41.3 ਡਿਗਰੀ), ਲੁਧਿਆਣਾ ਤੇ ਫਰੀਦਕੋਟ (41.0 ਡਿਗਰੀ), ਫਾਜ਼ਿਲਕਾ (40.8 ਡਿਗਰੀ), ਗੁਰਦਾਸਪੁਰ (40.5 ਡਿਗਰੀ) ਅਤੇ ਚੰਡੀਗੜ੍ਹ (40.2 ਡਿਗਰੀ) ਵਿੱਚ ਵੀ ਭਾਰੀ ਗਰਮੀ ਰਹੀ। ਦੂਜੇ ਪਾਸੇ, ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਤਾਪਮਾਨ 35 ਤੋਂ 40 ਡਿਗਰੀ ਦੇ ਵਿਚਕਾਰ ਰਿਹਾ, ਜਿਸ ਵਿੱਚ ਅੰਮ੍ਰਿਤਸਰ ਤੇ ਫਿਰੋਜ਼ਪੁਰ (40.0 ਡਿਗਰੀ), ਨਵਾਂਸ਼ਹਿਰ (39.6 ਡਿਗਰੀ), ਮੋਹਾਲੀ (39.1 ਡਿਗਰੀ) ਅਤੇ ਰੋਪੜ (38.7 ਡਿਗਰੀ) ਵਰਗੇ ਸ਼ਹਿਰ ਸ਼ਾਮਲ ਹਨ।

ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ, ਸੂਬੇ ਵਿੱਚ 28 ਅਪ੍ਰੈਲ ਅਤੇ 30 ਅਪ੍ਰੈਲ ਤੋਂ 3 ਮਈ ਦੇ ਦਰਮਿਆਨ ਕਿਤੇ-ਕਿਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ 29 ਅਪ੍ਰੈਲ ਨੂੰ ਕਈ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਅਗਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਦੇਖਣ ਨੂੰ ਮਿਲੇਗਾ, ਪਰ ਉਸ ਤੋਂ ਬਾਅਦ ਪਾਰੇ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੇਗੀ।

ਮੌਸਮ ਵਿਭਾਗ ਅਨੁਸਾਰ 28 ਅਤੇ 29 ਅਪ੍ਰੈਲ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਹਨੇਰੀ ਆਉਣ ਅਤੇ ਬਿਜਲੀ ਕੜਕਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ 30 ਅਪ੍ਰੈਲ, 2 ਮਈ ਅਤੇ 3 ਮਈ ਨੂੰ ਵੀ ਮੌਸਮ ਖਰਾਬ ਰਹਿ ਸਕਦਾ ਹੈ, ਜਿਸ ਦੌਰਾਨ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਗਰਜ-ਚਮਕ ਦੇ ਨਾਲ ਹਨੇਰੀ ਆਉਣ ਦੇ ਆਸਾਰ ਜਤਾਏ ਗਏ ਹਨ।

Latest News