Wednesday, 1st of April 2026

Punjab Weather 1st April: ਅੱਜ ਸੂਬੇ ਦੇ 12 ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ, ਕੱਲ੍ਹ ਤੋਂ ਤੇਜ਼ ਹਨੇਰੀ ਤੇ ਤੂਫਾਨ ਦਾ ਅਲਰਟ

By: GTC News Desk | Edited By: Lajwinder Kaur | Updated at: April 01st 2026 09:54 AM
Punjab Weather 1st April: ਅੱਜ ਸੂਬੇ ਦੇ 12 ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ, ਕੱਲ੍ਹ ਤੋਂ ਤੇਜ਼ ਹਨੇਰੀ ਤੇ ਤੂਫਾਨ ਦਾ ਅਲਰਟ

Punjab Weather 1st April: ਅੱਜ ਸੂਬੇ ਦੇ 12 ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ, ਕੱਲ੍ਹ ਤੋਂ ਤੇਜ਼ ਹਨੇਰੀ ਤੇ ਤੂਫਾਨ ਦਾ ਅਲਰਟ

Punjab Weather: ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਬੀਤੀ ਰਾਤ ਹੋਈ ਬੂੰਦਾਬਾਂਦੀ ਅਤੇ ਤੇਜ਼ ਹਵਾਵਾਂ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ, ਜਿਸ ਨਾਲ ਮੌਸਮ ਕੁਝ ਸੁਹਾਵਣਾ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ, ਅੱਜ 1 ਅਪ੍ਰੈਲ ਅਤੇ ਭਲਕੇ 2 ਅਪ੍ਰੈਲ ਨੂੰ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਮਾਰਚ ਮਹੀਨੇ ਵਿੱਚ ਆਮ ਨਾਲੋਂ 25% ਘੱਟ ਹੋਈ ਬਾਰਿਸ਼

ਹਾਲਾਂਕਿ ਅੱਜ ਲਈ ਹਨੇਰੀ ਜਾਂ ਤੂਫ਼ਾਨ ਦਾ ਕੋਈ ਅਲਰਟ ਨਹੀਂ ਹੈ, ਪਰ 3 ਅਪ੍ਰੈਲ ਤੋਂ ਅਗਲੇ ਦੋ ਦਿਨਾਂ ਲਈ ਤੇਜ਼ ਹਨੇਰੀ ਅਤੇ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਇਸ ਵਿੱਚ 2.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਹੁਣ ਆਮ ਨਾਲੋਂ 2.4 ਡਿਗਰੀ ਜ਼ਿਆਦਾ ਹੋ ਗਿਆ ਹੈ। ਪਟਿਆਲਾ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਪਾਰਾ 34.8 ਡਿਗਰੀ ਤੱਕ ਪਹੁੰਚ ਗਿਆ। ਚਿੰਤਾ ਦੀ ਗੱਲ ਇਹ ਹੈ ਕਿ ਇਸ ਵਾਰ ਮਾਰਚ ਮਹੀਨੇ ਵਿੱਚ ਆਮ ਨਾਲੋਂ 25 ਫ਼ੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ।

ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਅੱਜ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ। ਮੌਸਮ ਵਿਭਾਗ ਮੁਤਾਬਕ ਖਾਸ ਕਰਕੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ), ਕਪੂਰਥਲਾ, ਜਲੰਧਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਤਰਨਤਾਰਨ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿੱਚ ਆਈ ਇਸ ਤਬਦੀਲੀ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ।

ਰੂਪਨਗਰ ਅਤੇ ਪਠਾਨਕੋਟ ਵਿੱਚ ਹੋਈ ਸਭ ਤੋਂ ਵੱਧ ਬਾਰਿਸ਼

ਪੰਜਾਬ ਵਿੱਚ ਮਾਰਚ ਮਹੀਨੇ ਦੌਰਾਨ ਮੀਂਹ ਆਮ ਨਾਲੋਂ 25% ਘੱਟ ਦਰਜ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਸੂਬੇ ਵਿੱਚ ਅਸਲ ਬਾਰਿਸ਼ 16.3 mm ਹੋਈ, ਜਦੋਂ ਕਿ ਆਮ ਤੌਰ 'ਤੇ ਇਹ 21.8 mm ਹੋਣੀ ਚਾਹੀਦੀ ਸੀ। ਸਭ ਤੋਂ ਵੱਧ ਮੀਂਹ ਰੂਪਨਗਰ (49.3 mm) ਅਤੇ ਪਠਾਨਕੋਟ (45.6 mm) ਵਿੱਚ ਰਿਕਾਰਡ ਕੀਤਾ ਗਿਆ। ਦੂਜੇ ਪਾਸੇ, ਬਾਰਿਸ਼ ਦੀ ਸਭ ਤੋਂ ਵੱਧ ਕਮੀ ਸ੍ਰੀ ਮੁਕਤਸਰ ਸਾਹਿਬ (-89%), ਬਠਿੰਡਾ (-77%) ਅਤੇ ਫਾਜ਼ਿਲਕਾ (-80%) ਵਿੱਚ ਦੇਖਣ ਨੂੰ ਮਿਲੀ ਹੈ।

ਭਲਕੇ ਤੋਂ ਨਵੀਂ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਦੇਵੇਗੀ ਦਸਤਕ

ਮੌਸਮ ਵਿਭਾਗ ਦੇ ਅਨੁਸਾਰ, ਇਸ ਸਮੇਂ ਉੱਤਰੀ ਪਾਕਿਸਤਾਨ ਅਤੇ ਜੰਮੂ ਦੇ ਆਲੇ-ਦੁਆਲੇ ਇੱਕ ਪੱਛਮੀ ਗੜਬੜੀ ਸਰਗਰਮ ਹੈ, ਜਿਸ ਕਾਰਨ ਮੌਸਮ ਵਿੱਚ ਤਬਦੀਲੀ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਦੱਖਣ-ਪੱਛਮੀ ਰਾਜਸਥਾਨ ਵਿੱਚ ਹਵਾ ਦੇ ਦਬਾਅ ਦਾ ਇੱਕ ਸਿਸਟਮ ਬਣਿਆ ਹੋਇਆ ਹੈ। ਉੱਤਰ ਪ੍ਰਦੇਸ਼ ਵਿੱਚ ਬਣਿਆ ਸਿਸਟਮ ਹੁਣ ਪੂਰਬੀ ਹਿੱਸੇ ਵੱਲ ਵਧ ਗਿਆ ਹੈ। ਉੱਤਰੀ ਭਾਰਤ ਦੇ ਉਪਰਲੇ ਹਿੱਸੇ ਵਿੱਚ ਤੇਜ਼ ਹਵਾਵਾਂ (ਜੈੱਟ ਸਟ੍ਰੀਮ) ਚੱਲ ਰਹੀਆਂ ਹਨ, ਜਿਸ ਕਾਰਨ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। 2 ਅਪ੍ਰੈਲ ਤੋਂ ਇੱਕ ਨਵੀਂ ਪੱਛਮੀ ਗੜਬੜੀ ਆਉਣ ਵਾਲੀ ਹੈ, ਜਿਸ ਨਾਲ ਮੌਸਮ ਇੱਕ ਵਾਰ ਫਿਰ ਕਰਵਟ ਲਵੇਗਾ। ਫਿਲਹਾਲ ਸੂਬੇ ਦੇ ਉੱਪਰ ਬਣਿਆ ਸਿਸਟਮ ਕੁਝ ਕਮਜ਼ੋਰ ਪੈ ਗਿਆ ਹੈ, ਜਿਸ ਕਾਰਨ ਇਸ ਦਾ ਪ੍ਰਭਾਵ ਘੱਟ ਰਿਹਾ ਹੈ।

6 ਅਪ੍ਰੈਲ ਤੱਕ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਹੁਣ 6 ਅਪ੍ਰੈਲ ਤੱਕ ਬਾਰਿਸ਼ ਹੋਣ ਦੀ ਉਮੀਦ ਹੈ। ਇਸ ਦੌਰਾਨ 1 ਅਪ੍ਰੈਲ, 5 ਅਤੇ 6 ਅਪ੍ਰੈਲ ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਦਕਿ 3 ਅਤੇ 4 ਅਪ੍ਰੈਲ ਨੂੰ ਸੂਬੇ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ 4 ਦਿਨਾਂ ਵਿੱਚ ਦਿਨ ਦਾ ਤਾਪਮਾਨ ਹੌਲੀ-ਹੌਲੀ 3 ਤੋਂ 4 ਡਿਗਰੀ ਤੱਕ ਵਧੇਗਾ, ਪਰ ਇਸ ਤੋਂ ਬਾਅਦ ਤਾਪਮਾਨ ਵਿੱਚ ਮੁੜ 3 ਤੋਂ 4 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾਵੇਗੀ।