ਜੇਕਰ ਕਿਹਾ ਜਾਏ ਕਿ ਇਸ ਸਮੇਂ ਉੱਤਰ ਭਾਰਤ ਅੱਗ ਦੀ ਭੱਠੀ ਵਾਂਗ ਤੱਪ ਰਿਹਾ ਹੈ ਤਾਂ ਗਲਤ ਨਹੀਂ ਹੋਏਗਾ। ਜੀ ਹਾਂ ਪੰਜਾਬ ਦੇ ਵਿੱਚ ਵੀ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ, ਜਿਸ ਕਰਕੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਲੂ ਦੇ ਲਫੇੜੇ ਕਰਕੇ ਆਮ ਜਨਤਾਂ ਦਾ ਘਰੋਂ ਬਾਹਰ ਨਿਕਲ ਮੁਸ਼ਕਿਲ ਬਣਿਆ ਪਿਆ ਹੈ। ਸਿਹਤ ਵਿਭਾਗ ਵੀ 12 ਤੋਂ 4 ਦੇ ਵਿਚਕਾਰ ਘਰ ਤੋਂ ਬਾਹਰ ਨਿਕਲ ਤੋਂ ਮਨਾ ਕਰ ਰਹੇ ਹਨ।
ਹੀਟਵੇਵ ਦਾ ਯੈਲੋ ਅਲਰਟ
ਅੱਜ ਯਾਨੀਕਿ 19 ਮਈ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਭਿਆਨਕ ਗਰਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ 24 ਮਈ ਤੱਕ ਲੂ (ਹੀਟਵੇਵ) ਦਾ ਯੈਲੋ ਅਲਰਟ ਦਿੱਤਾ ਹੈ। ਇਸ ਤੋਂ ਇਲਾਵਾ ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਤੇਜ਼ ਲੂ ਚੱਲੇਗੀ। ਇਸ ਹੀਟਵੇਵ ਦਾ ਮੁੱਖ ਕਾਰਨ ਪੱਛਮ ਅਤੇ ਦੱਖਣ-ਪੱਛਮ ਦਿਸ਼ਾ ਤੋਂ ਆਉਣ ਵਾਲੀਆਂ ਬੇਹੱਦ ਗਰਮ ਅਤੇ ਖੁਸ਼ਕ ਹਵਾਵਾਂ ਹਨ। ਮੌਸਮ ਵਿਭਾਗ ਅਨੁਸਾਰ, ਰਾਜਸਥਾਨ ਅਤੇ ਪਾਕਿਸਤਾਨ ਦੇ ਰੇਗਿਸਤਾਨੀ ਇਲਾਕਿਆਂ ਤੋਂ ਆਉਣ ਵਾਲੀਆਂ ਇਨ੍ਹਾਂ ਤੱਤੀਆਂ ਹਵਾਵਾਂ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਮਾਲਵਾ ਖੇਤਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਤਾਪਮਾਨ ਵਿੱਚ 2.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 3.1 ਡਿਗਰੀ ਜ਼ਿਆਦਾ ਹੈ। ਲੰਘੇ ਸੋਮਵਾਰ ਨੂੰ ਬਠਿੰਡਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਗਰਮੀ ਵਧਣ ਦਾ ਵੱਡਾ ਅਸਰ: ਬਿਜਲੀ ਦੀ ਮੰਗ 'ਚ ਭਾਰੀ ਉਛਾਲ
ਪੰਜਾਬ ਵਿੱਚ ਲਗਾਤਾਰ ਵਧ ਰਹੀ ਗਰਮੀ ਕਾਰਨ ਬਿਜਲੀ ਦੀ ਮੰਗ ਬਹੁਤ ਤੇਜ਼ੀ ਨਾਲ ਵਧੀ ਹੈ। ਸੋਮਵਾਰ ਨੂੰ ਦਿਨ ਵੇਲੇ ਇਸ ਸੀਜ਼ਨ ਵਿੱਚ ਪਹਿਲੀ ਵਾਰ ਬਿਜਲੀ ਦੀ ਮੰਗ 13,555 ਮੈਗਾਵਾਟ ਤੱਕ ਪਹੁੰਚ ਗਈ। ਹਾਲਾਂਕਿ, ਸ਼ਾਮ 5 ਵਜੇ ਇਹ ਮੰਗ ਘਟ ਕੇ 12 ਹਜ਼ਾਰ ਮੈਗਾਵਾਟ ਅਤੇ ਰਾਤ 7 ਵਜੇ ਤੱਕ 10,174 ਮੈਗਾਵਾਟ ਰਹਿ ਗਈ। ਪੰਜਾਬ ਦੀ ਆਪਣੀ ਬਿਜਲੀ ਉਤਪਾਦਨ ਸਮਰੱਥਾ ਰੋਜ਼ਾਨਾ ਸਿਰਫ਼ 4500 ਮੈਗਾਵਾਟ ਹੈ। ਇਸੇ ਕਰਕੇ ਸੂਬੇ ਦੀ ਲੋੜ ਨੂੰ ਪੂਰਾ ਕਰਨ ਲਈ ਸੈਂਟਰਲ ਪੂਲ (ਕੇਂਦਰੀ ਕੋਟੇ) ਵਿੱਚੋਂ ਕਰੀਬ 9 ਹਜ਼ਾਰ ਮੈਗਾਵਾਟ ਬਿਜਲੀ ਖਰੀਦਣੀ ਪਈ।
ਚੰਡੀਗੜ੍ਹ 'ਚ AC ਦਾ ਤਾਪਮਾਨ 24 ਡਿਗਰੀ ਤੋਂ ਘੱਟ ਨਾ ਕਰਨ ਦੀ ਸਲਾਹ
ਵਧਦੀ ਗਰਮੀ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਲੋਕਾਂ ਨੂੰ ਤੇਜ਼ ਧੁੱਪ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਹਸਪਤਾਲਾਂ ਵਿੱਚ ਹੀਟ ਸਟ੍ਰੋਕ (ਲੂ ਲੱਗਣ) ਦੇ ਮਰੀਜ਼ਾਂ ਦੇ ਬਚਾਅ ਲਈ ਵਿਸ਼ੇਸ਼ ਸਟਾਫ਼ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਹਦਾਇਤ ਕੀਤੀ ਹੈ ਕਿ ਸਾਰੇ ਸਰਕਾਰੀ ਦਫ਼ਤਰਾਂ, ਵਿਦਿਅਕ ਅਦਾਰਿਆਂ, ਮਾਲਜ਼, ਹੋਟਲਾਂ ਅਤੇ ਵੱਡੇ ਵਪਾਰਕ ਅਦਾਰਿਆਂ ਵਿੱਚ ਏ.ਸੀ. (AC) ਦਾ ਤਾਪਮਾਨ 24 ਤੋਂ 25 ਡਿਗਰੀ ਸੈਲਸੀਅਸ ਦੇ ਵਿਚਕਾਰ ਹੀ ਰੱਖਿਆ ਜਾਵੇ।
ਹਸਪਤਾਲਾਂ 'ਚ ਹੀਟ ਸਟ੍ਰੋਕ ਵਾਰਡ ਬਣਾਏ, ਹੈਲਪਲਾਈਨ ਨੰਬਰ ਜਾਰੀ
ਪੰਜਾਬ ਦੇ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਵਿਸ਼ੇਸ਼ ‘ਹੀਟ ਸਟ੍ਰੋਕ ਵਾਰਡ’ ਸਥਾਪਤ ਕੀਤੇ ਗਏ ਹਨ। ਲੂ ਅਤੇ ਗਰਮੀ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਲਈ ਸਾਰੇ ਹਸਪਤਾਲਾਂ ਵਿੱਚ ਲੋੜੀਂਦੀਆਂ ਜੀਵਨ ਰੱਖਿਅਕ ਦਵਾਈਆਂ (Life Saving Drugs) ਅਤੇ ਓ.ਆਰ.ਐੱਸ. (ORS) ਦੇ ਪੈਕੇਟਾਂ ਦੀ 24 ਘੰਟੇ ਉਪਲਬਧਤਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਕਿਸੇ ਵੀ ਐਮਰਜੈਂਸੀ ਜਾਂ ਡਾਕਟਰੀ ਸਹਾਇਤਾ ਲਈ ਲੋਕ ਹੈਲਪਲਾਈਨ ਨੰਬਰ 104 'ਤੇ ਫ਼ੋਨ ਕਰਕੇ ਮਦਦ ਲੈ ਸਕਦੇ ਹਨ।
ਚੰਡੀਗੜ੍ਹ ਦੇ ਸਕੂਲਾਂ ਲਈ ਹੀਟ ਐਡਵਾਈਜ਼ਰੀ ਜਾਰੀ
ਚੰਡੀਗੜ੍ਹ ਪ੍ਰਸ਼ਾਸਨ ਨੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਲਈ ਗਰਮੀ ਤੋਂ ਬਚਾਅ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰਸ਼ਾਸਨ ਨੇ ਹਦਾਇਤ ਕੀਤੀ ਹੈ ਕਿ ਸਕੂਲ ਦੇ ਸਮੇਂ ਦੌਰਾਨ ਬੱਚਿਆਂ, ਖਾਸ ਕਰਕੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਤੇਜ਼ ਧੁੱਪ ਤੋਂ ਬਚਾਇਆ ਜਾਵੇ।
ਪ੍ਰਸ਼ਾਸਨ ਨੇ ਕਿਹਾ ਹੈ ਕਿ ਜੇਕਰ ਕਿਸੇ ਬੱਚੇ ਵਿੱਚ ਗਰਮੀ ਕਾਰਨ ਕੋਈ ਤਕਲੀਫ਼ ਨਜ਼ਰ ਆਵੇ, ਤਾਂ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਜਾਵੇ। ਇਸ ਤੋਂ ਇਲਾਵਾ, ਮਾਪਿਆਂ ਅਤੇ ਵਾਹਨ ਚਾਲਕਾਂ (ਅਟੈਂਡੈਂਟਸ) ਨੂੰ ਵੀ ਬੱਚਿਆਂ ਨੂੰ ਸਕੂਲ ਲੈ ਕੇ ਆਉਣ-ਜਾਣ ਵੇਲੇ ਜ਼ਰੂਰੀ ਸਾਵਧਾਨੀ ਵਰਤਣ ਲਈ ਜਾਗਰੂਕ ਕਰਨ ਵਾਸਤੇ ਕਿਹਾ ਗਿਆ ਹੈ।