Trending:
ਪੰਜਾਬ-ਹਰਿਆਣਾ ਹਾਈਕੋਰਟ ਨੇ ਮੁਹਾਲੀ ਦੇ ਸੋਹਾਣਾ ਵਿੱਚ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਕਤਲ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ । ਹਾਈਕੋਰਟ ਨੇ ਕਿਹਾ ਕਿ ਅਗਲੀ ਸੁਣਵਾਈ ਦੌਰਾਨ ਸਰਕਾਰ ਸਪੱਸ਼ਟ ਕਰੇ ਕਿ ਜਿਸ ਪ੍ਰੋਗਰਾਮ ਵਿੱਚ ਬਲਾਚੌਰੀਆ ਦਾ ਕਤਲ ਹੋਇਆ, ਉੱਥੇ ਪੁਲਿਸ ਨੇ ਸੁਰੱਖਿਆ ਦੇ ਕੀ ਇੰਤਜ਼ਾਮ ਕੀਤੇ ਸੀ ਅਤੇ ਕਿੰਨੇ ਲੋਕ ਮੌਜੂਦ ਸਨ।
ਹਾਈਕੋਰਟ ਨੇ ਇਸ ਨੂੰ ਕਾਨੂੰਨ ਵਿਵਸਥਾ ਨਾਲ ਜੁੜਿਆ ਗੰਭੀਰ ਮਾਮਲਾ ਦੱਸਿਆ ਹੈ । ਕੋਰਟ ਨੇ ਇਸ 'ਤੇ ਗੰਭੀਰ ਚਿੰਤਾ ਵੀ ਜਤਾਈ ਕਿ ਇੰਨੇ ਵੱਡੇ ਪ੍ਰੋਗਰਾਮ ਵਿੱਚ ਕਤਲ ਕਰਨ ਤੋਂ ਬਾਅਦ ਹਮਲਾਵਰ ਕਿਵੇਂ ਭੱਜ ਗਏ । ਕੋਰਟ ਨੇ ਕਿਹਾ ਕਿ ਸਰਕਾਰ ਦੀ ਰਿਪੋਰਟ ਤੋਂ ਪਤਾ ਲੱਗੇਗਾ ਕਿ ਕਿਤੇ ਸੁਰੱਖਿਆ ਵਿੱਚ ਕੋਤਾਹੀ ਤਾਂ ਨਹੀਂ ਵਰਤੀ ਗਈ। ਇਹ ਆਦੇਸ਼ ਸ਼ੁੱਕਰਵਾਰ ਨੂੰ ਦਿੱਤੇ ਗਏ। ਇਸ ਦੌਰਾਨ ਹਾਈਕੋਰਟ ਗੈਂਗਸਟਰ ਲਾਰੈਂਸ ਬਿਸ਼ਨੋਈ ਇੰਟਰਵਿਊ ਨੂੰ ਲੈ ਕੇ ਸੁਣਵਾਈ ਕਰ ਰਹੀ ਸੀ ।
ਦੱਸ ਦਈਏ ਕਿ ਮੋਹਾਲੀ ਦੇ ਸੋਹਾਣਾ ਕਬੱਡੀ ਕੱਪ ਦੌਰਾਨ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਰਾਣਾ ਬਲਾਚੌਰ ਕੌਣ ਸੀ?
ਰਾਣਾ ਬਲਾਚੌਰ ਦਾ ਅਸਲੀ ਨਾਮ ਕੰਵਰ ਦਿਗਵਿਜੇ ਸਿੰਘ ਸੀ। ਉਹ ਅਸਲ ਵਿੱਚ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਇੱਕ ਸ਼ਾਹੀ ਪਰਿਵਾਰ ਨਾਲ ਸਬੰਧਤ ਸੀ। ਉਸਦੇ ਪੜਦਾਦਾ ਊਨਾ ਦੇ ਨੇੜੇ ਇੱਕ ਰਿਆਸਤ ਦੇ ਰਾਜਾ ਸਨ। ਬਾਅਦ ਵਿੱਚ, ਉਸਦਾ ਪਰਿਵਾਰ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਬਲਾਚੌਰ ਵਿੱਚ ਵਸ ਗਿਆ, ਜਿੱਥੇ ਰਾਣਾ ਬਲਾਚੌਰ ਨੇ ਆਪਣੀ ਵੱਖਰੀ ਪਛਾਣ ਬਣਾਈ। ਉਸਨੂੰ ਬਚਪਨ ਤੋਂ ਹੀ ਖੇਡਾਂ ਦਾ ਜਨੂੰਨ ਸੀ। ਉਸਨੇ ਕੁਸ਼ਤੀ ਨਾਲ ਸ਼ੁਰੂਆਤ ਕੀਤੀ ਅਤੇ ਫਿਰ ਕਬੱਡੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ, ਜਿੱਥੇ ਉਹ ਇੱਕ ਮਸ਼ਹੂਰ ਖਿਡਾਰੀ ਅਤੇ ਪ੍ਰਮੋਟਰ ਬਣ ਗਿਆ।