Sunday, 5th of July 2026

ਪੰਜਾਬ ਤੇ ਚੰਡੀਗੜ੍ਹ 'ਚ ਭਿਆਨਕ ਲੂ ਦਾ 'ਔਰੇਂਜ ਅਲਰਟ': ਪਾਰਾ 46 ਡਿਗਰੀ ਪਾਰ, ਸਕੂਲਾਂ 'ਚ ਛੁੱਟੀਆਂ ਅਤੇ ਜਾਨਵਰਾਂ ਲਈ ਵੀ ਖਾਸ ਇੰਤਜ਼ਾਮ! ਇਸ ਦਿਨ ਮੀਂਹ ਦੀ ਸੰਭਾਵਨਾ

Edited By: Lajwinder Kaur | Updated at: May 21st 2026 09:49 AM
Trending News
ਪੰਜਾਬ ਤੇ ਚੰਡੀਗੜ੍ਹ 'ਚ ਭਿਆਨਕ ਲੂ ਦਾ 'ਔਰੇਂਜ ਅਲਰਟ': ਪਾਰਾ 46 ਡਿਗਰੀ ਪਾਰ, ਸਕੂਲਾਂ 'ਚ ਛੁੱਟੀਆਂ ਅਤੇ ਜਾਨਵਰਾਂ ਲਈ ਵੀ ਖਾਸ ਇੰਤਜ਼ਾਮ! ਇਸ ਦਿਨ ਮੀਂਹ ਦੀ ਸੰਭਾਵਨਾ

ਪੰਜਾਬ ਤੇ ਚੰਡੀਗੜ੍ਹ 'ਚ ਭਿਆਨਕ ਲੂ ਦਾ 'ਔਰੇਂਜ ਅਲਰਟ': ਪਾਰਾ 46 ਡਿਗਰੀ ਪਾਰ, ਸਕੂਲਾਂ 'ਚ ਛੁੱਟੀਆਂ ਅਤੇ ਜਾਨਵਰਾਂ ਲਈ ਵੀ ਖਾਸ ਇੰਤਜ਼ਾਮ! ਇਸ ਦਿਨ ਮੀਂਹ ਦੀ ਸੰਭਾਵਨਾ

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਵੀ ਭਿਆਨਕ ਗਰਮੀ (ਸੀਵੀਅਰ ਹੀਟਵੇਵ) ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਅਤੇ ਵੀਰਵਾਰ ਨੂੰ ਇਹ ਪਾਰਾ 42 ਤੋਂ 44 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਦੋਵਾਂ ਥਾਵਾਂ 'ਤੇ ਲੂ (ਹੀਟਵੇਵ) ਦਾ 'ਔਰੇਂਜ ਅਲਰਟ' ਜਾਰੀ ਕੀਤਾ ਗਿਆ ਹੈ, ਜੋ ਕਿ 26 ਮਈ ਤੱਕ ਬਣਿਆ ਰਹੇਗਾ।

ਮੀਂਹ ਨੂੰ ਲੈ ਕੇ ਅਪਡੇਟ

ਹਾਲਾਂਕਿ 22 ਤੋਂ 28 ਮਈ ਦਰਮਿਆਨ ਮੌਸਮ ਹੈਰਾਨ ਕਰ ਸਕਦਾ ਹੈ। ਇਸ ਦੌਰਾਨ ਪੰਜਾਬ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਪਰ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਖੁਸ਼ਕ ਹੀ ਰਹੇਗਾ। ਮੰਗਲਵਾਰ ਦੇ ਮੁਕਾਬਲੇ ਬੁੱਧਵਾਰ ਨੂੰ ਤਾਪਮਾਨ ਵਿੱਚ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਪਾਰਾ ਆਮ ਨਾਲੋਂ 4.6 ਡਿਗਰੀ ਵਧੇਰੇ ਹੋ ਗਿਆ ਹੈ। ਬੁੱਧਵਾਰ ਨੂੰ ਬਠਿੰਡਾ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 46.6 ਡਿਗਰੀ ਤੱਕ ਪਹੁੰਚ ਗਿਆ।

ਪੰਜਾਬ ਵਿੱਚ ਰਿਜ਼ਰਵ ਵਾਰਡ ਅਤੇ ਸਪੈਸ਼ਲ ਯੂਨਿਟ

ਪੰਜਾਬ ਵਿੱਚ ਹੀਟ ਸਟ੍ਰੋਕ (ਲੂ ਲੱਗਣ) ਦੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਜ਼ਿਲ੍ਹਾ ਹਸਪਤਾਲਾਂ, ਸਬ-ਡਿਵੀਜ਼ਨਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਵਿਸ਼ੇਸ਼ 'ਹੀਟ ਸਟ੍ਰੋਕ ਮੈਨੇਜਮੈਂਟ ਯੂਨਿਟਸ' ਸ਼ੁਰੂ ਕੀਤੇ ਗਏ ਹਨ। ਮਰੀਜ਼ਾਂ ਨੂੰ ਤੁਰੰਤ ਰਾਹਤ ਦੇਣ ਲਈ ਆਈਸ ਪੈਕ, ਕੋਲਡ IV ਫਲੂਇਡਜ਼ (ਠੰਢੀਆਂ ਗਲੂਕੋਜ਼ ਦੀਆਂ ਬੋਤਲਾਂ), ਪੱਖੇ, ਕੂਲਰ ਅਤੇ ਹੋਰ ਠੰਢਕ ਪਹੁੰਚਾਉਣ ਵਾਲੇ ਉਪਕਰਨ ਮੁਹੱਈਆ ਕਰਵਾਏ ਗਏ ਹਨ।

ਇਸ ਦੇ ਨਾਲ ਹੀ ORS, ਗਲੂਕੋਜ਼, ਐਮਰਜੈਂਸੀ ਦਵਾਈਆਂ ਅਤੇ ਜ਼ਰੂਰੀ ਮੈਡੀਕਲ ਸਪਲਾਈ ਦਾ ਲੋੜੀਂਦਾ ਸਟਾਕ ਰੱਖਿਆ ਗਿਆ ਹੈ। ਹੀਟਵੇਵ ਤੋਂ ਪ੍ਰਭਾਵਿਤ ਮਰੀਜ਼ਾਂ ਲਈ ਹਸਪਤਾਲਾਂ ਵਿੱਚ ਵਿਸ਼ੇਸ਼ ਬੈੱਡ ਰਿਜ਼ਰਵ ਕੀਤੇ ਗਏ ਹਨ ਅਤੇ ਇਹ ਸੇਵਾਵਾਂ 24 ਘੰਟੇ ਉਪਲਬਧ ਰਹਿਣਗੀਆਂ। ਐਂਬੂਲੈਂਸਾਂ ਅਤੇ ਮੈਡੀਕਲ ਸਟਾਫ ਨੂੰ ਹਰ ਵੇਲੇ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਦੋਂ ਕਿ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਇਸ ਸਥਿਤੀ ਨਾਲ ਨਜਿੱਠਣ ਲਈ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਗਈ ਹੈ।

ਜਾਨਵਰਾਂ ਲਈ ਕੂਲਰ, ਪੱਖੇ ਅਤੇ ਨੈੱਟ ਲਗਾਏ

ਗਰਮੀ ਅਤੇ ਲੂ ਕਾਰਨ ਹੁਣ ਜਾਨਵਰਾਂ ਲਈ ਵੀ ਮੁਸ਼ਕਲਾਂ ਵੱਧ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਮੋਹਾਲੀ ਸਥਿਤ ਛੱਤਬੀੜ ਜੂ (ਚਿੜੀਆਘਰ) ਵਿੱਚ ਮਾਸਾਹਾਰੀ ਜਾਨਵਰਾਂ ਲਈ ਡੈਜ਼ਰਟ ਕੂਲਰ ਅਤੇ ਐਂਟੀ-ਸਰਕੂਲੇਟਰ ਪੱਖੇ ਲਗਾਏ ਗਏ ਹਨ, ਜਦੋਂ ਕਿ ਬਾੜਿਆਂ ਨੂੰ ਠੰਢਾ ਅਤੇ ਮੱਛਰਾਂ ਤੋਂ ਮੁਕਤ ਰੱਖਣ ਲਈ ਖਿੜਕੀਆਂ 'ਤੇ ਜਾਲੀਆਂ ਲਗਾਈਆਂ ਗਈਆਂ ਹਨ। ਤੇਜ਼ ਧੁੱਪ ਤੋਂ ਬਚਾਅ ਲਈ ਐਗਰੋ ਨੈੱਟ (ਹਰੇ ਰੰਗ ਦੇ ਜਾਲ) ਲਗਾਏ ਗਏ ਹਨ।

ਸ਼ਾਕਾਹਾਰੀ ਜਾਨਵਰਾਂ ਲਈ ਸਰਕੰਡਿਆਂ, ਲੱਕੜ ਅਤੇ ਬਾਂਸ ਦੀ ਮਦਦ ਨਾਲ ਆਰਜ਼ੀ ਸ਼ੈਲਟਰ (ਛੱਤਾਂ) ਬਣਾਏ ਗਏ ਹਨ। ਹਾਥੀਆਂ, ਹਿਰਨਾਂ ਅਤੇ ਹੋਰ ਜਾਨਵਰਾਂ ਲਈ ਪਾਣੀ ਅਤੇ ਚਿੱਕੜ ਨਾਲ ਭਰੇ ਤਾਲਾਬ ਤੇ ਪੂਲ ਤਿਆਰ ਕੀਤੇ ਗਏ ਹਨ ਤਾਂ ਜੋ ਉਹ ਗਰਮੀ ਤੋਂ ਰਾਹਤ ਪਾ ਸਕਣ। ਇਸ ਦੇ ਨਾਲ ਹੀ, ਪੰਛੀਆਂ ਦੇ ਪਿੰਜਰਿਆਂ ਨੂੰ ਐਗਰੋ ਨੈੱਟ ਅਤੇ ਜੂਟ ਦੀਆਂ ਬੋਰੀਆਂ (ਮੈਟ) ਨਾਲ ਢਕਣ ਦੇ ਨਾਲ-ਨਾਲ ਛੋਟੇ ਪਿੰਜਰਿਆਂ ਵਿੱਚ ਸਪ੍ਰਿੰਕਲਰ ਸ਼ਾਵਰ (ਫੁਹਾਰੇ) ਵੀ ਲਗਾਏ ਗਏ ਹਨ, ਤਾਂ ਜੋ ਉਨ੍ਹਾਂ ਨੂੰ ਠੰਢੀ ਹਵਾ ਅਤੇ ਆਰਾਮ ਮਿਲ ਸਕੇ।

ਚੰਡੀਗੜ੍ਹ ਦੇ ਸਕੂਲਾਂ ਵਿੱਚ ਛੁੱਟੀਆਂ, ਧੁੱਪ ਤੋਂ ਬਚਾਅ ਲਈ ਐਡਵਾਈਜ਼ਰੀ

ਚੰਡੀਗੜ੍ਹ ਵਿੱਚ ਵਧਦੀ ਗਰਮੀ ਨੂੰ ਦੇਖਦੇ ਹੋਏ 23 ਮਈ ਤੋਂ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਧੁੱਪ ਤੋਂ ਬਚਣ ਅਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬਿਨਾਂ ਵਜ੍ਹਾ ਧੁੱਪ ਵਿੱਚ ਬਾਹਰ ਨਾ ਨਿਕਲਣ ਅਤੇ ਤੇਜ਼ ਧੁੱਪ ਦਰਮਿਆਨ ਸਰੀਰਕ ਮਿਹਨਤ ਵਾਲਾ ਕੰਮ ਕਰਨ ਤੋਂ ਬਚਣ। ਇਸ ਦੌਰਾਨ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਦਾ ਖਾਸ ਖਿਆਲ ਰੱਖਣ ਲਈ ਵੀ ਕਿਹਾ ਗਿਆ ਹੈ।

Punjabi Shorts

Latest News