Trending:
ਮੋਹਾਲੀ:- ਪੁਲਿਸ ਨੇ ਜ਼ੀਰਕਪੁਰ ਦੇ ਪ੍ਰਭਾਤ ਗੋਦਾਮ ਇਲਾਕੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਪੁਲਿਸ ਨੇ ਇੱਕ ਨਕਲੀ ਦਵਾਈ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਮੋਹਾਲੀ ਪੁਲਿਸ ਟੀਮਾਂ ਨੇ ਦੇਰ ਸ਼ਾਮ 2 ਫੈਕਟਰੀਆਂ 'ਤੇ ਛਾਪਾ ਮਾਰਿਆ, ਜਿੱਥੇ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਅਤੇ ਘਟੀਆ ਐਲੋਪੈਥਿਕ ਅਤੇ ਆਯੁਰਵੈਦਿਕ ਦਵਾਈਆਂ ਬਣਾਈਆਂ ਜਾ ਰਹੀਆਂ ਸਨ।
ਪੁਲਿਸ ਨੇ ਮੌਕੇ ਦੀ ਸਥਿਤੀ ਨੂੰ ਦੇਖਦਿਆ ਤੁਰੰਤ ਫੂਡ ਸੇਫਟੀ ਅਤੇ ਡਰੱਗ ਕੰਟਰੋਲ ਵਿਭਾਗਾਂ ਦੇ ਅਧਿਕਾਰੀਆਂ ਨੂੰ ਬੁਲਾਇਆ। ਜਾਂਚ ਦੌਰਾਨ, ਇਨ੍ਹਾਂ ਫੈਕਟਰੀਆਂ ਤੋਂ ਵੱਡੀ ਮਾਤਰਾ ਵਿੱਚ ਨਕਲੀ ਐਲੋਪੈਥਿਕ ਦਵਾਈਆਂ, ਆਯੁਰਵੈਦਿਕ ਉਤਪਾਦ, ਫੂਡ ਸਪਲੀਮੈਂਟ ਅਤੇ ਸੁੰਦਰਤਾ ਉਤਪਾਦ ਬਰਾਮਦ ਕੀਤੇ ਗਏ। ਹੈਰਾਨੀ ਦੀ ਗੱਲ ਹੈ ਕਿ ਇਹ ਫੈਕਟਰੀਆਂ ਬਿਨਾਂ ਕਿਸੇ ਜਾਇਜ਼ ਲਾਇਸੈਂਸ ਦੇ ਅਤੇ ਬਹੁਤ ਹੀ ਗੰਦੇ ਮਾਹੌਲ ਵਿੱਚ ਕੰਮ ਕਰ ਰਹੀਆਂ ਸਨ।
ਪਹਿਲਾ ਲੱਗ ਚੁੱਕਿਆ 16 ਲੱਖ ਦਾ ਜੁਰਮਾਨਾ:- ਮੁੱਢਲੀ ਜਾਂਚ ਵਿੱਚ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਵਿੱਚੋਂ ਇੱਕ ਫੈਕਟਰੀ ਪਹਿਲਾਂ ਆਪਣੇ ਸੈਂਪਲਾਂ ਵਿੱਚ ਫੇਲ੍ਹ ਹੋ ਗਈ ਸੀ, ਜਿਸ ਕਾਰਨ ਫੈਕਟਰੀ ਨੂੰ 16 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਇਸ ਦੇ ਬਾਵਜੂਦ, ਅਧਿਕਾਰੀਆਂ ਤੋਂ ਬਚਦੇ ਹੋਏ ਕਈ ਸਾਲਾਂ ਤੱਕ ਗੈਰ-ਕਾਨੂੰਨੀ ਕਾਰਵਾਈਆਂ ਜਾਰੀ ਰਹੀਆਂ।
6 ਘੰਟੇ ਡੂੰਘਾਈ ਨਾਲ ਕੀਤੀ ਜਾਂਚ:- ਡਰੱਗ ਕੰਟਰੋਲ ਵਿਭਾਗ ਦੀ ਟੀਮ ਨੇ ਲਗਭਗ 6 ਘੰਟੇ ਡੂੰਘਾਈ ਨਾਲ ਜਾਂਚ ਕੀਤੀ ਅਤੇ ਦਰਜਨਾਂ ਦਵਾਈਆਂ ਦੇ ਨਮੂਨੇ ਇਕੱਠੇ ਕੀਤੇ। ਜਾਂਚ ਤੋਂ ਬਾਅਦ, ਇੱਕ ਫੈਕਟਰੀ ਜੋ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀ ਸੀ, ਜਿਸ ਨੂੰ ਮੌਕੇ 'ਤੇ ਸੀਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ ਅਤੇ ਉੱਥੇ ਬਣਾਈਆਂ ਗਈਆਂ ਦਵਾਈਆਂ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੋ ਸਕਦੀਆਂ ਹਨ।
ਸਖ਼ਤ ਕਾਨੂੰਨੀ ਕਾਰਵਾਈ ਦੀਆਂ ਤਿਆਰੀਆਂ:- ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਇਹ ਨਕਲੀ ਦਵਾਈਆਂ ਕਿਹੜੇ ਰਾਜਾਂ ਅਤੇ ਇਲਾਕਿਆਂ ਵਿੱਚ ਸਪਲਾਈ ਕੀਤੇ ਜਾ ਰਹੇ ਸਨ। ਬਰਾਮਦ ਕੀਤੇ ਗਏ ਨਮੂਨਿਆਂ ਨੂੰ ਜਾਂਚ ਲਈ ਸਰਕਾਰੀ ਲੈਬ ਵਿੱਚ ਭੇਜਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੈਬ ਰਿਪੋਰਟ ਆਉਣ ਤੋਂ ਬਾਅਦ, ਆਰੋਪੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।