Sunday, 11th of January 2026

ਜ਼ਮੀਨ ਪਿੱਛੇ ਰਿਸ਼ਤੇ ਤਾਰ ਤਾਰ, ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਕਤਲ

Reported by: Anhad S Chawla  |  Edited by: Jitendra Baghel  |  December 22nd 2025 02:06 PM  |  Updated: December 22nd 2025 02:08 PM
ਜ਼ਮੀਨ ਪਿੱਛੇ ਰਿਸ਼ਤੇ ਤਾਰ ਤਾਰ, ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਕਤਲ

ਜ਼ਮੀਨ ਪਿੱਛੇ ਰਿਸ਼ਤੇ ਤਾਰ ਤਾਰ, ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਕਤਲ

ਤਰਨਤਾਰਨ: ਖੇਮਕਰਨ ਦੇ ਪਿੰਡ ਮਾੜੀ ਕੰਬੋਕੇ ’ਚ ਜ਼ਮੀਨ ਦੀ ਵੰਡ ਨੂੰ ਲੈ ਕੇ ਦਿਲਬਾਗ ਸਿੰਘ ਨਾਂਅ ਦੇ ਸ਼ਖਸ ਨੇ ਆਪਣੇ 70 ਸਾਲਾ ਵੱਡੇ ਭਰਾ ਉਜਾਗਰ ਸਿੰਘ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਮੁਲਜ਼ਮ ਨੇ ਆਪਣੀ ਪਤਨੀ ਸੁਖਵਿੰਦਰ ਕੌਰ ਅਤੇ ਪੁੱਤਰ ਗੁਰਲਾਲ ਸਿੰਘ ਨਾਲ ਮਿਲ ਕੇ ਇਸ ਅਪਰਾਧ ਨੂੰ ਅੰਜਾਮ ਦਿੱਤਾ। ਥਾਣਾ ਖਾਲੜਾ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਧੀ ਅਮਰਜੀਤ ਕੌਰ ਦੇ ਬਿਆਨ ਦੇ ਆਧਾਰ 'ਤੇ ਸੋਮਵਾਰ ਨੂੰ ਮਾਮਲਾ ਦਰਜ ਕਰਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਅਮਰਜੀਤ ਕੌਰ ਮੁਤਾਬਕ ਉਸਦੇ ਪਿਤਾ ਉਜਾਗਰ ਸਿੰਘ ਦਾ ਆਪਣੇ ਭਰਾ ਦਿਲਬਾਗ ਸਿੰਘ ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਤੇ ਦਿਲਬਾਗ ਸਿੰਘ ਨੇ ਪਹਿਲਾਂ ਵੀ ਪਿੰਡ ਵਾਸੀਆਂ ਦੇ ਸਾਹਮਣੇ ਉਜਾਗਰ ਸਿੰਘ ਨੂੰ ਕਈ ਵਾਰ ਧਮਕੀ ਦਿੱਤੀ ਸੀ ਕਿ ਉਹ ਉਸਨੂੰ ਬਖਸ਼ੇਗਾ ਨਹੀਂ। ਐਤਵਾਰ ਸ਼ਾਮ ਨੂੰ, ਅਮਰਜੀਤ ਕੌਰ ਆਪਣੇ ਪਿਤਾ ਉਜਾਗਰ ਸਿੰਘ ਨਾਲ ਘਰ 'ਚ ਸੀ, ਜਿਸ ਦੌਰਾਨ ਸ਼ਾਮ ਕਰੀਬ 7:45 ਵਜੇ ਉਸਦਾ ਚਾਚਾ ਦਿਲਬਾਗ ਸਿੰਘ ਆਪਣੀ ਪਤਨੀ ਸੁਖਜਿੰਦਰ ਕੌਰ ਅਤੇ ਪੁੱਤਰ ਗੁਰਲਾਲ ਸਿੰਘ ਨਾਲ ਉਨ੍ਹਾਂ ਦੇ ਘਰ ਪਹੁੰਚਿਆ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੰਜੇ 'ਤੇ ਬੈਠੇ ਉਜਾਗਰ ਸਿੰਘ ਨੇ ਉਨ੍ਹਾਂ ਨੂੰ ਰੌਲਾ ਪਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦਿਲਬਾਗ ਸਿੰਘ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਪੇਟ ’ਚ ਤਿੰਨ ਲੱਤਾਂ ਮਾਰੀਆਂ। ਜਦੋਂ ਉਜਾਗਰ ਸਿੰਘ ਬੇਹੋਸ਼ ਹੋ ਗਿਆ ਤਾਂ ਮੁਲਜ਼ਮ ਫਰਾਰ ਹੋ ਗਏ। ਹਸਪਤਾਲ ਲਿਜਾਂਦੇ ਹੀ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।