ਤਰਨ ਤਾਰਨ-ਤਰਨ ਤਾਰਨ ਵਿਧਾਨ ਸਭਾ ਹਲਕੇ ਦੇ ਪਿੰਡ ਕਾਜੀਕੋਟ ਕਲਾਂ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਰਮਿਆਨ ਇੱਟਾਂ-ਰੋੜੇ ਅਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਝੜਪ ਵਿੱਚ ਚਾਰ ਵਿਅਕਤੀ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਸੁਖਬੀਰ ਸਿੰਘ ਵੱਡੀ ਪੁਲਿਸ ਟੁਕੜੀ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਬਾਦਲ ਪਾਰਟੀ ਨੇ ਪਿੰਡ ਦੀ ਸੜਕ ਦੇ ਕਿਨਾਰੇ ਆਪਣਾ ਬੂਥ ਲਗਾਇਆ ਸੀ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇਸ 'ਤੇ ਇਤਰਾਜ਼ ਜਤਾਇਆ ਅਤੇ ਬੇਨਤੀ ਕੀਤੀ ਕਿ ਬੂਥ ਨੂੰ ਸੜਕ ਦੇ ਪਿੱਛੇ ਤਬਦੀਲ ਕੀਤਾ ਜਾਵੇ। ਦੋਵਾਂ ਧਿਰਾਂ ਵਿਚਕਾਰ ਬਹਿਸ ਹੋ ਗਈ ਅਤੇ ਬਾਅਦ ਵਿੱਚ ਛੱਤ ਤੋਂ ਹੇਠਾਂ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਘਟਨਾ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਜੇ 'ਤੇ ਗੋਲੀਆਂ ਚਲਾਉਣ ਦਾ ਆਰੋਪ ਲਗਾਇਆ। ਸਾਰੀ ਗਲੀ ਵਿੱਚ ਇੱਟਾਂ ਰੋੜੇ ਬਿਖਰੇ ਦਿਖਾਈ ਦਿੱਤੇ। ਜਿਸ ਨਾਲ ਸਥਾਨਕ ਵਸਨੀਕਾਂ ਵਿੱਚ ਤਣਾਅ ਅਤੇ ਡਰ ਦਾ ਮਾਹੌਲ ਬਣ ਗਿਆ।

ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸੁਖਬੀਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਕਾਰ ਟਕਰਾਅ ਨੂੰ ਕਾਬੂ ਵਿੱਚ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਐਸਡੀਐਮ ਗੁਰਮੀਤ ਸਿੰਘ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਵੋਟਿੰਗ ਸ਼ਾਂਤੀਪੂਰਵਕ ਹੋਈ।