ਜਲੰਧਰ ਵਿੱਚ ਸਾਬਕਾ ‘ਆਪ’ ਵਿਧਾਇਕ ਤੇ ਭਾਜਪਾ ਆਗੂ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਸ਼ੁੱਕਰਵਾਰ ਦੇਰ ਸ਼ਾਮ ਕਤਲ ਕਰ ਦਿੱਤਾ ਗਿਆ ਹੈ । ਵਿਕਾਸ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ । ਗਲੀ ਦੇ ਹੀ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਵਿਕਾਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ । ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ।
ਜਾਣਕਾਰੀ ਮੁਤਾਬਕਪੁਰਾਣੀ ਰੰਜਿਸ਼ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਗਲੀ ਦੇ ਕੁਝ ਨੌਜਵਾਨਾਂ ਨਾਲ ਵਿਕਾਸ ਦਾ ਵਿਵਾਦ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਸ਼ਿਵਾਜੀ ਨਗਰ ਵਿੱਚ ਘੇਰ ਕੇ ਵਿਕਾਸ ’ਤੇ ਚਾਕੂ ਨਾਲ ਕਈ ਵਾਰ ਕੀਤੇ ਗਏ , ਜ਼ਖਮੀ ਹਾਲਤ ਵਿੱਚ ਵਿਕਾਸ ਨੂੰ ਫੌਰਨ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ।
ਘਟਨਾ ਦੇ ਤੁਰੰਤ ਬਾਅਦ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਮੌਕੇ ਉਤੇ ਪਹੁੰਚੇ ਤੇ ਉਨ੍ਹਾਂ ਵਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ। ਸਾਬਕਾ MLA ਨੇ ਦੱਸਿਆ ਕਿ ਵਿਕਾਸ ‘ਤੇ ਤਿੰਨ ਮੁੰਡਿਆਂ ਵੱਲੋਂ ਹਮਲਾ ਕੀਤਾ ਗਿਆ। ਵਿਕਾਸ ਵੱਲੋਂ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਸ ਨੂੰ ਘੇਰ ਕੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ।

ਅੰਗੁਰਾਲ ਨੇ ਦਾਅਵਾ ਕੀਤਾ ਕਿ ਨਸ਼ਿਆਂ ਕਰਕੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਭਾਜਪਾ ਦੇ ਜਨਰਲ ਸਕੱਤਰ ਅਸ਼ੋਕ ਸਰੀਨ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਘਟਨਾ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ।
ਉਧਰ ਪੁਲਿਸ ਨੇ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਅਰੰਭ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ ।