ਫਗਵਾੜਾ ਵਿੱਚ ਬੀਤੀ ਰਾਤ ਡੇਢ ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਬਦਮਾਸ਼ਾਂ ਨੇ ਆਮ ਆਦਮੀ ਪਾਰਟੀ ਆਗੂ ਤੇ ‘ਯੁੱਧ ਨਸ਼ਿਆਂ ਵਿਰੁੱਧ’ ਫਗਵਾੜਾ ਦੇ ਕੋਆਰਡੀਨੇਟਰ ਦਲਜੀਤ ਰਾਜੂ ਘਰ ’ਤੇ ਫ਼ਾਇਰਿੰਗ ਕੀਤੀ । ਬਦਮਾਸ਼ਾਂ ਨੇ ਕਰੀਬ 21 ਰਾਊਂਡ ਫਾਇਰਿੰਗ ਕੀਤੀ । ਪੁਲਿਸ ਨੇ ਮੌਕੇ ਤੋਂ ਕਈ ਖਾਲੀ ਖੋਲ੍ਹ ਬਰਾਮਦ ਕੀਤੇ ਹਨ । ਘਟਨਾ ਸਮੇਂ ਦਲਜੀਤ ਰਾਜੂ, ਉਸ ਦੀ ਪਤਨੀ ਅਤੇ ਨਿੱਕੀ ਧੀ ਘਰ ਵਿੱਚ ਸੌ ਰਹੇ ਸਨ । ਗੋਲੀਆਂ ਚਲਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ । ਇਸ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ।


ਬਦਮਾਸ਼ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕਰਦੇ ਹੋਏ ਧਮਕੀ ਭਰੇ ਕਾਗਜ਼ ਦੇ ਟੁਕੜੇ ਸੁੱਟ ਕੇ ਫਰਾਰ ਹੋ ਗਏ । ਦਿਲਜੀਤ ਰਾਜੂ ਨੇ ਦੱਸਿਆ ਕਿ ਮੈਨੂੰ ਕਦੇ ਵੀ ਕਿਸੇ ਫਿਰੌਤੀ ਜਾਂ ਧਮਕੀ ਲਈ ਕੋਈ ਫੋਨ ਨਹੀਂ ਆਇਆ ਅਤੇ ਨਾ ਹੀ ਮੇਰੇ ਨਾਲ ਕਿਸੇ ਦੀ ਦੁਸ਼ਮਣੀ ਹੈ । ਹਮਲਾਵਰਾਂ ਨੇ ਬਗੈਰ ਕਿਸੇ ਚਿਤਾਵਨੀ ਮੇਰੇ ਘਰ ਉੱਤੇ ਫਾਇਰਿੰਗ ਕੀਤੀ ਹੈ।
ਫਗਵਾੜਾ ਦੀ ਐੱਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ । ਅਸੀਂ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ, ਜਲਦ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦਾ ਦਾ ਦਾਅਵਾ ਕੀਤਾ ਹੈ ।