Trending:
ਫਤਿਹਗੜ੍ਹ ਚੂੜੀਆਂ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿਥੇ ਨੈੱਟ ਪਲੱਸ ਕੰਪਨੀ ਦੇ ਡੀਲਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ, ਜਿਸਦੀ ਪਹਿਚਾਨ ਹੈਪੀ ਜੌਨ ਹੰਸ ਵਾਸੀ ਫਤਿਹਗੜ੍ਹ ਚੂੜੀਆਂ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਹੈਪੀ ਹੰਸ ਅਜਨਾਲਾ ਰੋਡ ਫਤਿਹਗੜ੍ਹ ਚੂੜੀਆਂ ਵਿਖੇ ਵਾਈ-ਫਾਈ ਦੀ ਸ਼ਿਕਾਇਤ ਠੀਕ ਕਰਨ ਗਿਆ ਸੀ ਅਤੇ ਇਸ ਦੌਰਾਨ ਉਹ ਲੋਹੇ ਦੀ ਪੌੜੀ 'ਤੇ ਚੜ੍ਹ ਕੇ ਨੈੱਟ ਠੀਕ ਕਰ ਰਿਹਾ ਸੀ ਕਿ ਪੌੜੀ ਅਚਾਨਕ ਬਿਜਲੀ ਦੀਆਂ ਤਾਰਾਂ ਨਾਲ ਲੱਗ ਗਈ ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਹ ਹੇਠਾਂ ਡਿੱਗ ਪਿਆ। ਉਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਕ੍ਰਿਸਮਸ ਦੀਆਂ ਖ਼ੁਸੀਆਂ ਮਾਤਮ 'ਚ ਬਦਲਿਆਂ
ਜਾਣਕਾਰੀ ਮੁਤਾਬਕ, ਮ੍ਰਿਤਕ ਆਪਣੇ ਪਿੱਛੇ ਪਤਨੀ, ਇੱਕ ਬੇਟਾ, ਦੋ ਬੇਟੀਆਂ ਅਤੇ ਪਿਤਾ ਨੂੰ ਛੱਡ ਗਿਆ ਹੈ। ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਉਨ੍ਹਾਂ ਦੇ ਘਰ ਵਿੱਚ ਕ੍ਰਿਸਮਸ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਹਰ ਪਾਸੇ ਖ਼ੁਸ਼ੀਆਂ ਦਾ ਮਾਹੌਲ ਸੀ। ਇਸ ਦੌਰਾਨ ਵਾਪਰੇ ਹਾਦਸੇ ਕਾਰਨ ਪਰਿਵਾਰ ਦੀਆਂ ਖ਼ੁਸੀਆਂ ਮਾਤਮ ਵਿੱਚ ਬਦਲ ਗਈਆਂ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।