ਕਿਸਾਨ ਯੂਨੀਅਨ ਕਾਫੀ ਸਮੇਂ ਤੋਂ ਪੰਜਾਬ ’ਚ ਚਿਪ ਵਾਲੇ ਮੀਟਰਾਂ ਦਾ ਵਿਰੋਧ ਕਰ ਰਹੀਆਂ ਹਨ। ਉਥੇ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵੱਲੋਂ ਘਰਾਂ ਵਿੱਚ ਸਮਾਰਟ ਮੀਟਰ ਲਗਾਏ ਜਾ ਰਹੇ ਹਨ। ਉੱਥੇ ਹੁਣ ਕਿਸਾਨ ਮਜ਼ਦੂਰ ਮੋਰਚਾ ਨੇ ਚਿਪ ਵਾਲੇ ਮੀਟਰ ਉਤਾਰ ਕੇ
PSPCL ਦੇ ਦਫ਼ਤਰਾਂ ’ਚ ਜਮ੍ਹਾਂ ਕਰਵਾਉਣ ਦੀ ਗੱਲ ਆਖੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ 10 ਦਸੰਬਰ ਨੂੰ ਮੀਟਰ ਉਤਾਰਨ ਦੀ ਸ਼ੁਰੂਆਤ ਕਰਨਗੇ, ਉਹਨਾਂ ਕਿਹਾ ਜਾਵੇਂ-ਜਾਵੇਂ ਲੋਕ ਸਾਡੇ ਨਾਲ ਰਾਬਤਾ ਕਰਨਗੇ ਉਸੇ ਤਹਿਤ ਕਿਸਾਨ ਆਗੂ ਮੀਟਰ ਉਤਾਰਦੇ ਜਾਣਗੇ ਅਤੇ
ਮੀਟਰ PSPCL ਦੇ ਦਫ਼ਤਰਾਂ ’ਚ ਜਮ੍ਹਾਂ ਕਰਵਾਉਂਦੇ ਜਾਣਗੇ। ਕਿਸਾਨਾਂ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਖਪਤਕਾਰ ਦਾ ਮੀਟਰ ਦਾ ਜਬਰੀ ਨਹੀਂ ਉਤਾਰਨਗੇ ਜੋ ਵੀ ਉਹਨਾਂ ਨਾਲ ਸੰਪਰਕ ਕਰੇਗਾ ਸਿਰਫ ਉਹਨਾਂ ਦੇ ਮੀਟਰ ਹੀ ਉਤਾਰੇ ਜਾਣਗੇ।
ਕਿਸਾਨ ਮੋਰਚੇ ਨੇ ਜਾਰੀ ਕੀਤਾ ਨੰਬਰ:- ਕਿਸਾਨ ਮਜ਼ਦੂਰ ਮੋਰਚਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ 10 ਦਸੰਬਰ ਨੂੰ ਪੰਜਾਬ ਭਰ ਵਿੱਚ ਮੀਟਰ ਉਤਾਰਨ ਦੀ ਸ਼ੁਰੂਆਤ ਕਰਨਗੇ। ਉਹਨਾਂ ਕਿਹਾ ਇਹ ਮੁਹਿੰਮ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਤੋਂ ਕੀਤੀ ਜਾਵੇਗੀ ਅਤੇ ਮੀਟਰ ਬਿਜਲੀ ਬੋਰਡ ਦੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਏ ਜਾਣਗੇ। ਕਿਸਾਨ ਆਗੂ ਨੇ ਕਿਹਾ ਜਿਹੜੇ ਵੀ ਲੋਕ ਮੀਟਰ ਉਤਰਵਾਉਣਾ ਚਾਹੁੰਦੇ ਹਨ, ਉਹ ਕਿਸਾਨ ਮੋਰਚੇ ਨਾਲ ਸੰਪਰਕ ਕਰ ਸਕਦੇ ਹਨ। ਕਿਸਾਨ ਆਗੂ ਨੇ ਕਿਹਾ ਇਹ ਕਦਮ ਸਰਕਾਰ ਵੱਲੋਂ ਬਿਜਲੀ ਵਿਭਾਗ ਨੂੰ ਨਿੱਜੀ ਕਰਨ ਦੀ ਤਿਆਰੀ ਕਰਕੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਜੋ ਵੀ ਇਹ ਚਾਹੁੰਦੇ ਹਨ ਕਿ ਉਹਨਾਂ ਦੀ ਬਿਜਲੀ ਨਾ ਬੰਦ ਹੋਵੇ, ਬੱਚਿਆਂ ਦੀ ਪੜ੍ਹਾਈ ਅਤੇ ਘਰਾਂ-ਦਫ਼ਤਰਾਂ ਵਿੱਚ ਕੰਮ ਨਾ ਬੰਦ ਹੋਣ, ਉਹ ਸਮਾਰਟ ਮੀਟਰਾਂ ਲਗਾਉਣ ਦਾ ਵਿਰੋਧ ਕਰਨ ਅਤੇ ਮੀਟਰ ਉਤਰਵਾਉਣ।

ਚਿਪ ਵਾਲੇ ਮੀਟਰਾਂ ਦਾ ਹੋਵੇਗਾ ਰਿਚਾਰਜ:- ਕਿਸਾਨ ਆਗੂਆਂ ਦਾ ਤਰਕ ਹੈ ਕਿ ਜੇਕਰ ਪੰਜਾਬ ਵਿੱਚ ਚਿਪ ਵਾਲੇ ਮੀਟਰ ਲਗਾਏ ਜਾਂਦੇ ਹਨ ਤਾਂ ਬਿਜਲੀ ਸਿਰਫ਼ ਉਹਨਾਂ ਨੂੰ ਹੀ ਮਿਲੇਗੀ ਜੋ ਮੀਟਰ ਦਾ ਰੀਚਾਰਜ ਕਰਨਗੇ। ਕਿਸਾਨਾਂ ਦਾ ਮੰਨਣਾ ਹੈ ਕਿ ਬਹੁਤੇ ਗਰੀਬ ਵਰਗ ਦੇ ਲੋਕ ਇਸ ਮੀਟਰਾਂ ਦਾ ਰਿਚਾਰਜ ਨਹੀਂ ਕਰ ਸਕਣਗੇ। ਜਿਸ ਕਰਕੇ ਉਨ੍ਹਾਂ ਦੀ ਬਿਜਲੀ ਬੰਦ ਹੋ ਜਾਵੇਗੀ। ਕਿਸਾਨਾਂ ਨੇ ਕਿਹਾ ਮੋਬਾਇਲ ਦੀ ਤਰ੍ਹਾਂ ਮੀਟਰਾਂ ਦੇ ਰਿਚਾਰਜ ਦੀ ਵੈਲਿਡਿਟੀ ਹੋਵੇਗੀ। ਉਹਨਾਂ ਕਿਹਾ ਇਸ ਕਰਕੇ ਕਿਸਾਨ ਜਥੇਬੰਦੀਆਂ ਇਸ ਕਰਕੇ ਇਹਨਾਂ ਮੀਟਰਾਂ ਦਾ ਵਿਰੋਧ ਕਰ ਰਹੀਆਂ ਹਨ।
ਕਿਸਾਨ ਯੂਨੀਅਨ ਲਵੇਗੀ ਪਰਚੇ ਜੀ ਜ਼ਿੰਮੇਵਾਰੀ:- ਕਿਸਾਨ ਆਗੂ ਨੇ ਕਿਹਾ ਕਿ ਸਮਾਰਟ ਮੀਟਰ ਉਤਾਰਨ ਉੱਤੇ ਜੇਕਰ ਬਿਜਲੀ ਵਿਭਾਗ ਕਾਰਵਾਈ ਕਰਵਾਉਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸਾਨ ਯੂਨੀਅਨ ਦੀ ਹੋਵੇਗੀ ਅਤੇ ਯੂਨੀਅਨ ਪਰਚਾ ਨੂੰ ਰੱਦ ਅਤੇ ਜੁਰਮਾਨਾ ਮਾਫ਼ ਕਰਵਾਏਗੀ। ਕਿਸਾਨ ਆਗੂਆਂ ਨੇ ਸਾਫ਼ ਕਿਹਾ ਕਿ ਕਿਸੇ ਤਰ੍ਹਾਂ ਦੀ ਕਿਸੇ ਨੂੰ ਡਰਨ ਦੀ ਲੋੜ ਨਹੀਂ, ਕਿਸਾਨ ਮਜ਼ਦੂਰ ਮੋਰਚਾ ਲੋਕਾਂ ਨਾਲ ਡਟ ਕੇ ਖੜ੍ਹਾ ਹੈ।