Thursday, 15th of January 2026

ਸਕੂਲ ਜਾਂਦੇ ਸਮੇਂ ਬੱਚਿਆਂ ਨਾਲ ਵਾਪਰਿਆ ਭਾਣਾ ! ਇੱਕ ਦੀ ਮੌਤ...

Reported by: Ajeet Singh  |  Edited by: Jitendra Baghel  |  December 22nd 2025 06:54 PM  |  Updated: December 22nd 2025 06:54 PM
ਸਕੂਲ ਜਾਂਦੇ ਸਮੇਂ ਬੱਚਿਆਂ ਨਾਲ ਵਾਪਰਿਆ ਭਾਣਾ ! ਇੱਕ ਦੀ ਮੌਤ...

ਸਕੂਲ ਜਾਂਦੇ ਸਮੇਂ ਬੱਚਿਆਂ ਨਾਲ ਵਾਪਰਿਆ ਭਾਣਾ ! ਇੱਕ ਦੀ ਮੌਤ...

ਫਰੀਦਕੋਟ: ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਤੋਂ ਪੰਡੋਰੀ ਖਤਰੀਆਂ ਨੂੰ ਜਾਂਦੀ ਸੜਕ 'ਤੇ ਅੱਜ ਸਵੇਰੇ ਸਕੂਲੀ ਬੱਚਿਆਂ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਇੱਕ 14 ਸਾਲਾ ਸਕੂਲੀ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਬੱਚੇ ਜ਼ਖਮੀ ਹੋ ਗਏ ਹਨ।

ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋਰ ਜ਼ਖਮੀ

ਜਾਣਕਾਰੀ ਅਨੁਸਾਰ ਇਹ ਬੱਚੇ ਹਰ ਰੋਜ਼ ਦੀ ਤਰ੍ਹਾਂ ਆਪਣੇ ਪਿੰਡ ਮਨਸੂਰਵਾਲ ਤੋਂ ਇਕ ਟੈਂਪੂ 'ਤੇ ਸਵਾਰ ਹੋ ਕੇ ਪਿੰਡ ਪੰਡੋਰੀ ਖਤਰੀਆਂ ਵਿਖੇ ਸਥਿਤ ਸਕੂਲ ਵਿਚ ਪੜ੍ਹਨ ਲਈ ਜਾ ਰਹੇ ਸਨ। ਜਦੋਂ ਉਹ ਸਵੇਰੇ ਸਕੂਲ ਜਾ ਰਹੇ ਸਨ, ਤਾਂ ਸਾਹਮਣੇ ਤੋਂ ਆ ਰਹੀ ਇਕ ਬੱਸ ਕਾਰਨ ਟੈਂਪੂ ਚਾਲਕ ਨੇ ਅਚਾਨਕ ਕੱਟ ਮਾਰਿਆ। ਇਸ ਦੌਰਾਨ ਤਿੰਨ ਬੱਚੇ ਟੈਂਪੂ ਤੋਂ ਹੇਠਾਂ ਡਿੱਗ ਗਏ ਅਤੇ ਇੱਕ ਬੱਚਾ ਬੱਸ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਮਨਸੂਰਵਾਲ ਦੇ ਰਹਿਣ ਵਾਲੇ 14 ਸਾਲਾ ਵਿਦਿਆਰਥੀ ਹਸਕਰਨ ਸਿੰਘ ਵਜੋਂ ਹੋਈ ਹੈ। ਉਸ ਦਾ ਦੂਜਾ ਸਾਥੀ ਵਿਦਿਆਰਥੀ ਗੁਰਵਿੰਦਰ ਸਿੰਘ ਵੀ ਜ਼ਖ਼ਮੀ ਹੈ, ਜਿਸ ਦਾ ਇਲਾਜ ਫਰੀਦਕੋਟ ਦੇ ਜੀ. ਜੀ. ਐੱਸ. ਮੈਡੀਕਲ ਹਸਪਤਾਲ ਵਿਚ ਚੱਲ ਰਿਹਾ ਹੈ

ਦੋ ਭੈਣਾਂ ਦਾ ਇਕਲੌਤਾ ਭਰਾ ਸੀ ਹਸਕਰਨ ਸਿੰਘ

ਮ੍ਰਿਤਕ ਬੱਚੇ ਦੇ ਪਰਿਵਾਰਕ ਹਾਲਾਤ ਬਹੁਤ ਹੀ ਨਾਜ਼ੁਕ ਅਤੇ ਭਾਵੁਕ ਕਰਨ ਵਾਲੇ ਹਨ। ਮ੍ਰਿਤਕ ਬੱਚੇ ਦੇ ਪਰਿਵਾਰ ਵਿੱਚ ਮਾਂ ਅਤੇ ਦੋ ਭੈਣਾਂ ਹਨ। ਇਸ ਗਰੀਬ ਪਰਿਵਾਰ ਕੋਲ ਰਹਿਣ ਲਈ ਆਪਣਾ ਮਕਾਨ ਵੀ ਨਹੀਂ ਹੈ ਅਤੇ ਉਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਪੰਚਾਇਤ ਘਰ ਵਿਚ ਰਹਿ ਰਹੇ ਹਨ। ਬੱਚੇ ਦੀ ਮਾਂ ਇਕ ਪ੍ਰਾਈਵੇਟ ਨੌਕਰੀ ਕਰਕੇ ਬੜੀ ਮੁਸ਼ਕਲ ਨਾਲ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਇਸ ਦਰਦਨਾਕ ਘਟਨਾ ਨੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।