Monday, 12th of January 2026

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ

Reported by: Sukhjinder Singh  |  Edited by: Jitendra Baghel  |  December 10th 2025 11:39 AM  |  Updated: December 10th 2025 01:07 PM
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ

ਆਸਟ੍ਰੇਲੀਆ ਨੇ ਇੱਕ ਵੱਡਾ ਫੈਸਲਾ ਲੈ ਕੇ ਦੁਨੀਆ ਦਾ ਧਿਆਨ ਆਪਣੀ ਵੱਲ ਖਿੱਚਿਆ ਹੈ । ਸਖ਼ਤ ਕਾਨੂੰਨ ਤਹਿਤ ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ, ਸਨੈਪਚੈਟ, ਐਕਸ ਅਤੇ ਯੂਟਿਊਬ ਵਰਗੇ ਪਲੇਟਫਾਰਮਾਂ ’ਤੇ ਨਾਬਾਲਗ ਖਾਤੇ ਨਹੀਂ ਖੋਲ੍ਹ ਸਕਣਗੇ । ਉਮਰ ਦੀ ਪੁਸ਼ਟੀ ਨਾ ਕਰਨ ਜਾਂ ਨਿਯਮਾਂ ਦੀ ਉਲੰਘਣਾ ਕਰਨ ’ਤੇ ਕੰਪਨੀਆਂ ਨੂੰ 49.5 ਮਿਲੀਅਨ ਆਸਟਰੇਲਿਆਈ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ । ਆਸਟਰੇਲੀਆ ਬੁੱਧਵਾਰ ਤੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਲਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਰਿਹਾ ਹੈ। 

ਦੱਖਣੀ ਆਸਟਰੇਲੀਆ ਦੇ ਇੱਕ ਫਾਰਮ ’ਤੇ ਰਹਿੰਦੇ 15 ਸਾਲਾ ਰਾਇਲੀ ਐਲਨ ਲਈ ਇਹ ਫੈਸਲਾ ਚਿੰਤਾਜਨਕ ਹੈ। ਵੁਡਿਨਾ ਨੇੜੇ ਰਹਿੰਦੇ ਰਾਇਲੀ ਦੇ ਦੋਸਤ 70 ਕਿਲੋਮੀਟਰ ਦੂਰ ਰਹਿੰਦੇ ਹਨ। ਉਸ ਦਾ ਕਹਿਣਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੋਸਤਾਂ ਨਾਲ ਸੰਪਰਕ ਰੱਖਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਉਸ ਦੀ ਮਾਂ ਸੋਨੀਆ ਐਲਨ ਨੇ ਕਿਹਾ ਕਿ ਉਹ ਕਾਨੂੰਨ ਤੋੜਨ ਵਿੱਚ ਪੁੱਤਰ ਦੀ ਮਦਦ ਨਹੀਂ ਕਰੇਗੀ,ਪਰ ਉਸ ਨੇ ਖ਼ਦਸ਼ਾ ਜਤਾਇਆ ਕਿ ਬੱਚੇ ਜੁਗਾੜ ਤਾਂ ਲੱਭ ਹੀ ਲੈਂਦੇ ਨੇ।

ਸਿਡਨੀ ਦੇ ਵਿਦਿਆਰਥੀ ਨੋਆ ਜੋਨਸ (15) ਅਤੇ ਮੈਸੀ ਨੇਲੈਂਡ ਨੇ ਇਸ ਕਾਨੂੰਨ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਨ੍ਹਾਂ ਦਾ ਤਰਕ ਹੈ ਕਿ ਇਹ ਪਾਬੰਦੀ ਉਨ੍ਹਾਂ ਦਾ ਸੰਚਾਰ ਦਾ ਸੰਵਿਧਾਨਕ ਅਧਿਕਾਰ ਖੋਹ ਲਵੇਗੀ। ਸਰਕਾਰ ਦਾ ਤਰਕ ਹੈ ਕਿ ਇਹ ਕਦਮ ਬੱਚਿਆਂ ਨੂੰ ਨੁਕਸਾਨਦੇਹ ਸਮੱਗਰੀ ਤੋਂ ਬਚਾਉਣ ਲਈ ਜ਼ਰੂਰੀ ਹੈ। ਉਧਰ 140 ਤੋਂ ਵੱਧ ਅਕਾਦਮਿਕ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਪਾਬੰਦੀ ਨਾਲ ਬੱਚੇ ਖ਼ਤਰਨਾਕ ਅਤੇ ਅੰਡਰਗਰਾਊਂਡ ਪਲੇਟਫਾਰਮਾਂ ਵੱਲ ਰੁਖ਼ ਕਰ ਸਕਦੇ ਹਨ,ਜਿੱਥੇ ਮਾਪੇ ਕੋਈ ਨਜ਼ਰ ਨਹੀਂ ਰੱਖ ਸਕਦੇ।