ਕਾਂਗਰਸ ’ਚ ਚੱਲ ਰਿਹਾ ਅੰਦਰੂਨੀ ਟਕਰਾਅ ਵੱਧਦਾ ਜਾ ਰਿਹਾ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਸਾਂਸਦ ਸੁਖਜਿੰਦਰ ਰੰਧਾਵਾ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੇ ਜਵਾਬ ’ਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਸਾਰੇ ਬਿਆਨਾਂ 'ਤੇ ਕਾਇਮ ਹਨ ਤੇ ਕਿਸੇ ਵੀ ਤਰ੍ਹਾਂ ਦੀ ਸਫ਼ਾਈ ਜਾਂ ਵਾਪਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਜ਼ਿਕਰਯੋਗ ਹੈ ਕਿ ਨਵਜੋਤ ਕੌਰ ਸਿੱਧੂ ਵੱਲੋਂ ਸਾਂਸਦ ਸੁਖਜਿੰਦਰ ਰੰਧਾਵਾ ਦੇ ਨੋਟਿਸ ਨੂੰ ਬੇਬੁਨਿਆਦ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਆਪਣੇ ਜਵਾਬ ’ਚ ਸਾਫ ਤੌਰ 'ਤੇ ਕਿਹਾ ਹੈ ਕਿ ਰੰਧਾਵਾ ਵੱਲੋਂ ਭੇਜੇ ਗਏ ਨੋਟਿਸ ਦਾ ਕੋਈ ਆਧਾਰ ਨਹੀਂ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਆਪਣੇ ਜਵਾਬ ’ਚ ਰੰਧਾਵਾਂ ਨੂੰ ਚੇਤਾਵਨੀ ਦਿੰਦਿਆਂ ਇਹ ਵੀ ਲਿਖਿਆ ਕਿ ਇਸ ਕਾਨੂੰਨੀ ਨੋਟਿਸ ਨੂੰ ਵਾਪਸ ਲਓ - ਨਹੀਂ ਤਾਂ ਮੈਂ ਵੀ ਕਾਨੂੰਨੀ ਕਾਰਵਾਈ ਕਰਾਂਗੀ।
_1765348689.jpeg)

ਕੀ ਹੈ ਮਾਮਲਾ?
MP ਸੁਖਜਿੰਦਰ ਸਿੰਘ ਰੰਧਾਵਾ ਦੇ ਮੁਤਾਬਕ, ਡਾ. ਨਵਜੋਤ ਕੌਰ ਸਿੱਧੂ ਵੱਲੋਂ 7 ਅਤੇ 8 ਦਸੰਬਰ 2025 ਨੂੰ ਮੀਡੀਆ ’ਚ ਦਿੱਤੇ ਗਏ ਝੂਠੇ, ਬਿਨਾ ਸਬੂਤ ਅਤੇ ਅਪਮਾਨਜਨਕ ਬਿਆਨਾਂ ਦੇ ਸਖ਼ਤ ਵਿਰੋਧ ’ਚ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਰੰਧਾਵਾ ਵੱਲੋਂ ਭੇਜੇ ਗਏ ਨੋਟਿਸ ’ਚ ਦਰਸਾਇਆ ਗਿਆ ਹੈ ਕਿ ਡਾ. ਸਿੱਧੂ ਵੱਲੋਂ ਰਾਜਸਥਾਨ ’ਚ ਪਾਰਟੀ ਟਿਕਟਾਂ ਦੀ ਵੰਡ ਦੌਰਾਨ ਭ੍ਰਿਸ਼ਟਾਚਾਰ ਦੇ ਲਗਾਏ ਗਏ ਇਲਜ਼ਾਮ ਪੂਰੀ ਤਰ੍ਹਾਂ ਝੂਠੇ ਘੜੇ ਹੋਏ ਅਤੇ ਰਾਜਨੀਤਿਕ ਦੁਸ਼ਮਨੀ ਤੋਂ ਪ੍ਰੇਰਿਤ ਹਨ। ।