Wednesday, 27th of May 2026

ਪੰਜਾਬ ‘ਚ ਭਿਆਨਕ ਗਰਮੀ ਦਾ ਅਲਰਟ: ਕੱਲ੍ਹ ਤੋਂ ਬਦਲੇਗਾ ਮੌਸਮ, ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ

By: GTC News Desk | Edited By: Lajwinder Kaur | Updated at: May 27th 2026 10:11 AM
Trending News
ਪੰਜਾਬ ‘ਚ ਭਿਆਨਕ ਗਰਮੀ ਦਾ ਅਲਰਟ: ਕੱਲ੍ਹ ਤੋਂ ਬਦਲੇਗਾ ਮੌਸਮ, ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ

ਪੰਜਾਬ ‘ਚ ਭਿਆਨਕ ਗਰਮੀ ਦਾ ਅਲਰਟ: ਕੱਲ੍ਹ ਤੋਂ ਬਦਲੇਗਾ ਮੌਸਮ, ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ

ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਮੌਸਮ ਕੇਂਦਰ ਚੰਡੀਗੜ੍ਹ ਨੇ ਅੱਜ ਪੰਜਾਬ ਅਤੇ ਚੰਡੀਗੜ੍ਹ ਲਈ 'ਸੀਵੀਅਰ ਹੀਟ ਵੇਵ' (ਭਿਆਨਕ ਗਰਮੀ) ਦਾ ਅਲਰਟ ਜਾਰੀ ਕੀਤਾ ਹੈ। ਬੀਤੇ 24 ਘੰਟਿਆਂ ਵਿੱਚ ਪੰਜਾਬ ਦਾ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਿਹਾ ਅਤੇ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 45.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ, ਲੋਕਾਂ ਨੂੰ ਜਲਦ ਹੀ ਗਰਮੀ ਤੋਂ ਕੁੱਝ ਰਾਹਤ ਮਿਲਣ ਦੀ ਉਮੀਦ ਹੈ, ਕਿਉਂਕਿ 28 ਮਈ ਤੋਂ ਮੌਸਮ ਵਿੱਚ ਬਦਲਾਅ ਹੋ ਸਕਦਾ ਹੈ ਅਤੇ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਦੀ ਵੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਇਸ ਸਾਲ ਪੰਜਾਬ ਵਿੱਚ ਮਾਨਸੂਨ ਦੇ 28 ਜੂਨ ਤੋਂ 5 ਜੁਲਾਈ ਦੇ ਵਿਚਕਾਰ ਪਹੁੰਚਣ ਦੀ ਉਮੀਦ ਹੈ, ਜਦਕਿ ਮਾਨਸੂਨ ਆਉਣ ਦੀ ਆਮ ਤਰੀਕ 30 ਜੂਨ ਮੰਨੀ ਜਾਂਦੀ ਹੈ।

ਭਿਆਨਕ ਗਰਮੀ ਦਾ ਅਲਰਟ

ਮੌਸਮ ਵਿਭਾਗ ਨੇ 27 ਮਈ ਲਈ ਮੋਹਾਲੀ, ਪਟਿਆਲਾ, ਲੁਧਿਆਣਾ, ਬਠਿੰਡਾ, ਮਾਨਸਾ ਅਤੇ ਸੰਗਰੂਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਿਆਨਕ ਗਰਮੀ (ਸੀਵੀਅਰ ਹੀਟ ਵੇਵ) ਦਾ ਅਲਰਟ ਜਾਰੀ ਕੀਤਾ ਹੈ। ਦੁਪਹਿਰ ਦੇ ਸਮੇਂ ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਦਿਨ ਤੋਂ ਬਦਲੇਗਾ ਮੌਸਮ, ਮੀਂਹ-ਗੜ੍ਹੇਮਾਰੀ ਸਣੇ ਤੇਜ਼ ਹਵਾਵਾਂ ਦਾ ਅਲਰਟ 

ਮੌਸਮ ਵਿਭਾਗ ਦੇ ਅਨੁਸਾਰ, 28 ਅਤੇ 29 ਮਈ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੌਸਮ ਅਚਾਨਕ ਬਦਲ ਸਕਦਾ ਹੈ। ਇਸ ਦੌਰਾਨ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਗਰਜ-ਚਮਕ ਦੇ ਨਾਲ ਮੀਂਹ ਪੈਣ ਅਤੇ ਗੜ੍ਹੇਮਾਰੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਖਾਸ ਤੌਰ 'ਤੇ ਮੋਹਾਲੀ, ਪਟਿਆਲਾ, ਰੂਪਨਗਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਮੌਸਮ ਖਰਾਬ ਰਹਿਣ ਦਾ ਅਨੁਮਾਨ ਹੈ।

ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ 29 ਅਤੇ 30 ਮਈ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਤੋਂ ਬਾਅਦ ਤਾਪਮਾਨ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆ ਸਕਦੀ ਹੈ। ਇਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ।

ਅਗਲੇ ਦੋ ਦਿਨ ਕਿਵੇਂ ਦਾ ਹੋਏਗਾ ਮੌਸਮ

28 ਮਈ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ. ਨਗਰ (ਮੋਹਾਲੀ) ਦੇ ਵੱਖ-ਵੱਖ ਇਲਾਕਿਆਂ ਵਿੱਚ ਗਰਜ-ਚਮਕ ਨਾਲ ਮੀਂਹ, ਬਿਜਲੀ ਡਿੱਗਣ, ਗੜ੍ਹੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਤਰਨਤਾਰਨ, ਬਰਨਾਲਾ ਅਤੇ ਸੰਗਰੂਰ ਵਿੱਚ ਗਰਜ-ਚਮਕ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਦੂਜੇ ਪਾਸੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਅਤੇ ਮਾਨਸਾ ਵਰਗੇ ਜ਼ਿਲ੍ਹਿਆਂ ਵਿੱਚ ਲੂ (ਹੀਟ ਵੇਵ) ਚੱਲਣ ਦੀ ਸੰਭਾਵਨਾ ਜਤਾਈ ਗਈ ਹੈ।

29 ਮਈ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ. ਨਗਰ (ਮੋਹਾਲੀ) ਦੇ ਵੱਖ-ਵੱਖ ਇਲਾਕਿਆਂ ਵਿੱਚ ਗਰਜ-ਚਮਕ ਨਾਲ ਮੀਂਹ, ਬਿਜਲੀ ਡਿੱਗਣ, ਗੜ੍ਹੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਗਰਜ-ਚਮਕ, ਬਿਜਲੀ ਡਿੱਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੀਂਹ ਦੇ ਸੰਬੰਧ ਵਿੱਚ, ਪਠਾਨਕੋਟ ਤੋਂ ਲੈ ਕੇ ਮੋਹਾਲੀ ਤੱਕ ਦੇ ਜ਼ਿਲ੍ਹਿਆਂ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦਕਿ ਤਰਨਤਾਰਨ, ਫਿਰੋਜ਼ਪੁਰ, ਮੋਗਾ, ਬਰਨਾਲਾ, ਮਾਨਸਾ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਅਤੇ ਬਠਿੰਡਾ ਵਿੱਚ ਵੀ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

Latest News