Tuesday, 26th of May 2026

ਨਸ਼ਿਆਂ ਖ਼ਿਲਾਫ਼ ਜੰਗ: ਤਰੁਣ ਚੁੱਘ ਦੀ ਮੁਹਿੰਮ ਨਾਲ ਜੁੜੇ ਯੋ ਯੋ ਹਨੀ ਸਿੰਘ,ਪੰਜਾਬ ਨੂੰ 'ਰੰਗਲਾ' ਬਣਾਉਣ ਦਾ ਲਿਆ ਸੰਕਲਪ

By: GTC News Desk | Edited By: Lajwinder Kaur | Updated at: May 26th 2026 12:32 PM
Trending News
ਨਸ਼ਿਆਂ ਖ਼ਿਲਾਫ਼ ਜੰਗ: ਤਰੁਣ ਚੁੱਘ ਦੀ ਮੁਹਿੰਮ ਨਾਲ ਜੁੜੇ ਯੋ ਯੋ ਹਨੀ ਸਿੰਘ,ਪੰਜਾਬ ਨੂੰ 'ਰੰਗਲਾ' ਬਣਾਉਣ ਦਾ ਲਿਆ ਸੰਕਲਪ

ਨਸ਼ਿਆਂ ਖ਼ਿਲਾਫ਼ ਜੰਗ: ਤਰੁਣ ਚੁੱਘ ਦੀ ਮੁਹਿੰਮ ਨਾਲ ਜੁੜੇ ਯੋ ਯੋ ਹਨੀ ਸਿੰਘ,ਪੰਜਾਬ ਨੂੰ 'ਰੰਗਲਾ' ਬਣਾਉਣ ਦਾ ਲਿਆ ਸੰਕਲਪ

ਪੰਜਾਬ ਵਿੱਚ ਨਸ਼ਿਆਂ, ਖ਼ਾਸ ਕਰਕੇ 'ਚਿੱਟੇ' ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਨੂੰ ਉਸ ਵੇਲੇ ਇੱਕ ਵੱਡੀ ਸਫ਼ਲਤਾ ਅਤੇ ਮਜ਼ਬੂਤ ਸਮਰਥਨ ਮਿਲਿਆ ਜਦੋਂ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਅੱਗੇ ਆਏ। ਹਨੀ ਸਿੰਘ ਨੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਚਲਾਈ ਜਾ ਰਹੀ ਇਸ ਜਾਗਰੂਕਤਾ ਮੁਹਿੰਮ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਪੂਰਾ ਸਮਰਥਨ ਦਿੱਤਾ।

ਸੋਸ਼ਲ ਮੀਡੀਆ ਉੱਤੇ ਇਸ ਮੁਲਾਕਾਤ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਸੰਦੇਸ਼ ਵਿੱਚ ਆਪਣਾ ਤਜਰਬਾ ਸਾਂਝਾ ਕਰਦਿਆਂ ਯੋ ਯੋ ਹਨੀ ਸਿੰਘ ਨੇ ਕਿਹਾ, "ਮੈਂ ਅੱਜ ਤਰੁਣ ਜੀ ਨੂੰ ਮਿਲਿਆ ਅਤੇ ਪੰਜਾਬ ਵਿੱਚ ਖ਼ਾਸ ਕਰਕੇ 'ਚਿੱਟੇ' ਕਾਰਨ ਬਰਬਾਦ ਹੋ ਰਹੇ ਪਰਿਵਾਰਾਂ ਅਤੇ ਨੌਜਵਾਨੀ ਬਾਰੇ ਚਿੰਤਾ ਸਾਂਝੀ ਕੀਤੀ। ਅਸੀਂ ਦੋਵੇਂ ਪੰਜਾਬ ਨੂੰ ਇਸ ਨਸ਼ੇ ਦੇ ਕੋਹੜ ਤੋਂ ਮੁਕਤ ਕਰਵਾਉਣਾ ਚਾਹੁੰਦੇ ਹਾਂ। ਤਰੁਣ ਜੀ ਪਹਿਲਾਂ ਹੀ ਇਸ 'ਤੇ ਬਹੁਤ ਮਿਹਨਤ ਕਰ ਰਹੇ ਹਨ।"

ਤਰੁਣ ਚੁੱਘ ਨੇ ਹਨੀ ਸਿੰਘ ਦਾ ਇਸ ਮੁਹਿੰਮ ‘ਚ ਕੀਤਾ ਸਵਾਗਤ

ਇਸ ਮੌਕੇ ਤਰੁਣ ਚੁੱਘ ਨੇ ਗਾਇਕ ਹਨੀ ਸਿੰਘ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪੰਜਾਬ ਦਾ ਮਾਣਮੱਤਾ ਪੁੱਤਰ ਦੱਸਿਆ, ਜਿਸ ਨੇ ਪੂਰੀ ਦੁਨੀਆ ਵਿੱਚ ਨਾਮ ਕਮਾਇਆ ਹੈ। ਉਨ੍ਹਾਂ ਕਿਹਾ ਕਿ ਹਨੀ ਸਿੰਘ ਦੀ ਜ਼ਿੰਦਗੀ ਬਹੁਤ ਪ੍ਰੇਰਨਾਦਾਇਕ ਹੈ, ਕਿਉਂਕਿ ਉਨ੍ਹਾਂ ਨੇ ਖ਼ੁਦ ਇੱਕ ਮੁਸ਼ਕਲ ਦੌਰ (ਗਲਤ ਸੰਗਤ) ਵਿੱਚੋਂ ਲੰਘ ਕੇ, 8 ਸਾਲ ਦੀ ਲੰਬੀ ਤਪੱਸਿਆ ਤੋਂ ਬਾਅਦ ਸ਼ਾਨਦਾਰ ਵਾਪਸੀ (Comeback) ਕੀਤੀ ਹੈ ਅਤੇ ਮੁੜ ਸੰਗੀਤ ਜਗਤ ਵਿੱਚ ਨੰਬਰ ਇੱਕ ਦਾ ਮੁਕਾਮ ਹਾਸਲ ਕੀਤਾ ਹੈ।

ਚੁੱਘ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ, "ਅੱਜ ਗੁਰੂਆਂ, ਪੀਰਾਂ ਅਤੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਚਿੱਟੇ ਦਾ ਛੇਵਾਂ ਦਰਿਆ ਵੱਗ ਰਿਹਾ ਹੈ, ਜੋ ਸੁਨਾਮੀ ਬਣ ਕੇ ਸਾਡੀ ਜਵਾਨੀ ਨੂੰ ਖਾ ਰਿਹਾ ਹੈ।" ਉਨ੍ਹਾਂ ਹਨੀ ਸਿੰਘ ਨੂੰ ਅਪੀਲ ਕੀਤੀ ਕਿ ਉਹ ਆਪਣੀ ਆਵਾਜ਼, ਸੰਗੀਤ ਅਤੇ ਸ਼ਬਦਾਂ ਰਾਹੀਂ ਪੰਜਾਬ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ।

ਪੰਜਾਬ ਨੂੰ ਬਣਾਉਣਗੇ 'ਸੁਨਹਿਰੀ ਪੰਜਾਬ'

ਤਰੁਣ ਚੁੱਘ ਨੇ ਵੀਡੀਓ ਰਾਹੀਂ ਪੰਜਾਬ ਦੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਹਨੀ ਸਿੰਘ ਉਸ ਦਲਦਲ ਵਿੱਚੋਂ ਨਿਕਲ ਕੇ ਵਾਪਸੀ ਕਰ ਸਕਦੇ ਹਨ, ਤਾਂ ਪੰਜਾਬ ਦਾ ਹਰ ਬੱਚਾ ਇਹ ਚਮਤਕਾਰ ਕਰ ਸਕਦਾ ਹੈ। ਨਸ਼ਾ ਛੱਡਣ ਲਈ ਕਿਸੇ ਦਵਾਈ ਦੀ ਨਹੀਂ, ਸਗੋਂ ਪ੍ਰਮਾਤਮਾ ਦੀ ਦੁਆ ਅਤੇ ਦ੍ਰਿੜ ਇਰਾਦੇ ਦੀ ਲੋੜ ਹੈ। ਦੋਵਾਂ ਸ਼ਖਸੀਅਤਾਂ ਨੇ ਹੱਥ ਮਿਲਾ ਕੇ ਪੰਜਾਬ ਨੂੰ ਮੁੜ ਦੁੱਧ-ਮੱਖਣਾਂ, ਲੱਸੀ, ਘਿਓ ਅਤੇ ਗੱਭਰੂਆਂ ਦੀ ਚੌੜੀ ਛਾਤੀ ਵਾਲਾ 'ਸੁਨਹਿਰੀ ਅਤੇ ਰੰਗਲਾ ਪੰਜਾਬ' ਬਣਾਉਣ ਦਾ ਪੱਕਾ ਸੰਕਲਪ ਲਿਆ।

Latest News