Wednesday, 14th of October 2026

ਪੰਜਾਬ ਭਰ ਦੇ ਸੇਵਾ ਕੇਂਦਰ ਅਣਮਿੱਥੇ ਸਮੇਂ ਲਈ ਬੰਦ: ਮੁਲਾਜ਼ਮਾਂ ਦੀ ਹੜਤਾਲ ਨਾਲ ਕੰਮਕਾਜ ਠੱਪ, ਲੋਕ ਹੋਏ ਪ੍ਰੇਸ਼ਾਨ

Edited By: Lajwinder Kaur | Updated at:
ਪੰਜਾਬ ਭਰ ਦੇ ਸੇਵਾ ਕੇਂਦਰ ਅਣਮਿੱਥੇ ਸਮੇਂ ਲਈ ਬੰਦ: ਮੁਲਾਜ਼ਮਾਂ ਦੀ ਹੜਤਾਲ ਨਾਲ ਕੰਮਕਾਜ ਠੱਪ, ਲੋਕ ਹੋਏ ਪ੍ਰੇਸ਼ਾਨ

ਪੰਜਾਬ ਭਰ ਦੇ ਸੇਵਾ ਕੇਂਦਰ ਅਣਮਿੱਥੇ ਸਮੇਂ ਲਈ ਬੰਦ: ਮੁਲਾਜ਼ਮਾਂ ਦੀ ਹੜਤਾਲ ਨਾਲ ਕੰਮਕਾਜ ਠੱਪ, ਲੋਕ ਹੋਏ ਪ੍ਰੇਸ਼ਾਨ

ਜੇਕਰ ਤੁਸੀਂ ਵੀ ਆਪਣੇ ਕਿਸੇ ਸਰਕਾਰੀ ਕੰਮ ਨੂੰ ਲੈ ਕੇ ਸੇਵਾ ਕੇਂਦਰ ਜਾਣ ਵਾਲੇ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਤੁਹਾਨੂੰ ਉੱਥੇ ਨਿਰਾਸ਼ ਹੋ ਕੇ ਆਉਣ ਪੈ ਸਕਦਾ ਹੈ। ਦੱਸ ਦਈਏ ਸੇਵਾ ਕੇਂਦਰ ਦੇ ਮੁਲਾਜ਼ਮ ਅਣਮਿੱਥੇ ਸਮੇਂ ਦੇ ਲਈ ਹੜਤਾਲ ਉੱਤੇ ਚੱਲੇ ਗਏ ਹਨ।

ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਵਿੱਢਿਆ ਗਿਆ ਸੰਘਰਸ਼ ਹੁਣ ਤੇਜ਼ ਹੁੰਦਾ ਜਾ ਰਿਹਾ ਹੈ। ਸੂਬੇ ਭਰ ਦੇ 521 ਤੋਂ ਵੱਧ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਹੈ, ਜਿਸ ਕਾਰਨ ਸੰਗਰੂਰ, ਮੁਹਾਲੀ ਅਤੇ ਪਠਾਨਕੋਟ ਸਮੇਤ ਪੂਰੇ ਪੰਜਾਬ ਵਿੱਚ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।

ਮੁਲਾਜ਼ਮਾਂ ਦਾ ਦੁੱਖ: 2016 ਤੋਂ ਨਹੀਂ ਵਧੀ ਤਨਖਾਹ

ਹੜਤਾਲ ‘ਤੇ ਬੈਠੇ ਮੁਲਾਜ਼ਮਾਂ ਨੇ ਆਪਣਾ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਉਹ ਸਾਲ 2016 ਤੋਂ ਮਹਿਜ਼ 10,000 ਤੋਂ 11,000 ਰੁਪਏ ਪ੍ਰਤੀ ਮਹੀਨਾ ਤਨਖਾਹ ‘ਤੇ ਕੰਮ ਕਰ ਰਹੇ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਇੰਨੀ ਘੱਟ ਤਨਖਾਹ ਵਿੱਚ ਗੁਜ਼ਾਰਾ ਕਰਨਾ ਅਸੰਭਵ ਹੈ। ਇੱਕ ਮੁਲਾਜ਼ਮ ਨੇ ਦੱਸਿਆ ਕਿ ਜ਼ਿੰਮੇਵਾਰੀਆਂ ਲਗਾਤਾਰ ਵਧ ਰਹੀਆਂ ਹਨ ਪਰ ਤਨਖਾਹ ਉਸੇ ਪੱਧਰ 'ਤੇ ਰੁਕੀ ਹੋਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਤਨਖਾਹ ਵਧਾ ਕੇ 40,000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ਅਤੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।

ਮੁਹਾਲੀ ਅਤੇ ਹੋਰ ਜ਼ਿਲ੍ਹਿਆਂ ਵਿੱਚ ਰੋਸ ਪ੍ਰਦਰਸ਼ਨ

ਮੁਹਾਲੀ ਵਿੱਚ ਸੇਵਾ ਕੇਂਦਰ ਦੇ ਕਰਮਚਾਰੀਆਂ ਨੇ ਜ਼ਿਲ੍ਹਾ ਯੂਨੀਅਨ ਦੇ ਬੈਨਰ ਹੇਠ ਡੀਸੀ (DC) ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਨਿੱਜੀ ਕੰਪਨੀ ਅਧੀਨ ਕੰਮ ਕਰਨ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਤਨਖਾਹ ਵੀ ਨਹੀਂ ਮਿਲ ਰਹੀ। ਪਠਾਨਕੋਟ ਸਮੇਤ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਮੁਲਾਜ਼ਮਾਂ ਨੇ ਕੰਮ ਬੰਦ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਹੈ।

ਲੋਕਾਂ ਦੀਆਂ ਮੁਸ਼ਕਲਾਂ ਵਧੀਆਂ

ਹੜਤਾਲ ਕਾਰਨ ਆਪਣੇ ਜ਼ਰੂਰੀ ਕੰਮ ਕਰਵਾਉਣ ਲਈ ਦੂਰ-ਦੁਰਾਡੇ ਤੋਂ ਆਉਣ ਵਾਲੇ ਆਮ ਲੋਕ ਖਾਲੀ ਹੱਥ ਪਰਤਣ ਲਈ ਮਜ਼ਬੂਰ ਹਨ। ਸੇਵਾ ਕੇਂਦਰਾਂ ਦੇ ਬਾਹਰ ਪਹੁੰਚੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੜਤਾਲ ਬਾਰੇ ਪਹਿਲਾਂ ਜਾਣਕਾਰੀ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਰਕਾਰ ਨੂੰ ਸਖ਼ਤ ਚੇਤਾਵਨੀ

ਸੇਵਾ ਕੇਂਦਰ ਮੁਲਾਜ਼ਮਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਹੜਤਾਲ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਕੇ ਉਨ੍ਹਾਂ ਦੇ ਕੰਮ ਅਤੇ ਮਹਿੰਗਾਈ ਦੇ ਮੁਤਾਬਕ ਤਨਖਾਹਾਂ ਵਿੱਚ ਵਾਧਾ ਨਹੀਂ ਕਰਦੀ। ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਇਹ ਅੰਦੋਲਨ ਹੋਰ ਵੀ ਤਿੱਖਾ ਕੀਤਾ ਜਾਵੇਗਾ।