ਜ਼ਿਲ੍ਹਾ ਮੋਗਾ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਇੱਥੇ ਅਮਰੀਕਾ ਤੋਂ ਆਏ ਚਾਚੇ ਦਾ ਆਪਣੇ ਭਤੀਜੇ ਦੇ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਤੋਂ ਬਾਅਦ ਵਿਵਾਦ ਇੰਨਾ ਵਧ ਗਿਆ ਕਿ ਚਾਚੇ ਨੇ ਗੁੱਸੇ ਵਿੱਚ ਆ ਕੇ ਆਪਣੇ ਭਤੀਜੇ ਦੇ ਮੱਥੇ ਵਿੱਚ ਗੋਲ਼ੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਇਹ ਮਾਮਲਾ ਜ਼ਿਲ੍ਹਾ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਤੋਂ ਸਾਹਮਣੇ ਆਇਆ ਹੈ। ਵਾਰਦਾਤ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਮੁਲਜ਼ਮ ਨੂੰ ਕਾਬੂ ਕਰ ਕੇ ਮਾਮਲੇ ਦਾ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਖੇਤਾਂ ਵਿੱਚ ਝਗੜੇ ਦੌਰਾਨ ਚਾਚੇ ਨੇ ਆਪਣੇ ਭਤੀਜੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮਾਛੀਕੇ ਪਿੰਡ ਦੇ ਵਸਨੀਕ ਨਵਦੀਪ ਸਿੰਘ ਦਾ ਆਪਣੇ ਚਾਚੇ ਬਹਾਦਰ ਸਿੰਘ ਨਾਲ ਲੰਬੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਸ਼ਨੀਵਾਰ ਸਵੇਰੇ ਦੋਵੇਂ ਖੇਤਾਂ ਵਿੱਚ ਪਹੁੰਚੇ, ਜਿੱਥੇ ਝਗੜਾ ਸਰੀਰਕ ਝਗੜੇ ਤੱਕ ਵੱਧ ਗਿਆ। ਗੁੱਸੇ ਵਿੱਚ ਆ ਕੇ ਬਹਾਦਰ ਸਿੰਘ ਨੇ ਨਵਦੀਪ ਸਿੰਘ ਨੂੰ ਆਪਣੀ ਰਿਵਾਲਵਰ ਨਾਲ ਦੋ ਵਾਰ ਗੋਲੀ ਮਾਰ ਦਿੱਤੀ ਅਤੇ ਫਿਰ ਉਸਦੀ ਕਾਰ ਨਾਲ ਉਸ ਉੱਤੇ ਚੜ੍ਹਾ ਦਿੱਤਾ।