Punjab Bandh: ਬਰਨਾਲਾ ਲਾਠੀਚਾਰਜ ਮਾਮਲਾ: ਸਫ਼ਾਈ ਕਰਮਚਾਰੀਆਂ ਦੇ ਰੋਹ ਵਜੋਂ ਅੱਜ ‘ਪੰਜਾਬ ਬੰਦ’! ਕਈ ਸ਼ਹਿਰਾਂ ਛਾਇਆ ਸੰਨਾਟਾ, ਬਾਜ਼ਾਰ ਤੇ ਦੁਕਾਨਾਂ ਬੰਦ…
ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਅਤੇ ਤਸ਼ਦਦ ਦੇ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਸਫ਼ਾਈ ਕਰਮਚਾਰੀਆਂ ਵੱਲੋਂ 'ਪੰਜਾਬ ਬੰਦ' (Punjab Bandh) ਦੀ ਕਾਲ ਦਿੱਤੀ ਗਈ ਹੈ। ਇਸ ਬੰਦ ਦੌਰਾਨ ਸਕੂਲ, ਕਾਲਜ, ਮੈਡੀਕਲ ਸੇਵਾਵਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ, ਪਰ ਵਪਾਰਕ ਅਦਾਰੇ ਅਤੇ ਬਾਜ਼ਾਰਾਂ ਵਿੱਚ ਇਸ ਦਾ ਭਾਰੀ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਮੁੱਖ ਮੰਗਾਂ ਅਤੇ ਵਿਰੋਧ ਪ੍ਰਦਰਸ਼ਨ
ਸਫ਼ਾਈ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਹਨ। ਉਨ੍ਹਾਂ ਦੀ ਮੁੱਖ ਮੰਗ ਤਿੰਨ ਸਾਲ ਦੀ ਸੇਵਾ ਤੋਂ ਬਾਅਦ ਕਰਮਚਾਰੀਆਂ ਨੂੰ ਪੱਕਾ ਕਰਨਾ ਅਤੇ ਬਾਕੀ ਰਹਿੰਦੀਆਂ ਮੰਗਾਂ ਨੂੰ ਜਲਦ ਪੂਰਾ ਕਰਨਾ ਹੈ। ਇਸ ਦੇ ਨਾਲ ਹੀ, ਪ੍ਰਦਰਸ਼ਨਕਾਰੀਆਂ ਵੱਲੋਂ ਬਰਨਾਲਾ ਵਿੱਚ ਸਫ਼ਾਈ ਕਰਮਚਾਰੀਆਂ ਨਾਲ ਕੁੱਟਮਾਰ ਕਰਨ ਵਾਲੇ ਡੀਐਸਪੀ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਉਨ੍ਹਾਂ ਵਿਰੁੱਧ ਅਪਰਾਧਿਕ ਮੁਕੱਦਮਾ ਦਰਜ ਕਰਨ ਦੀ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ।
ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨਾਲ ਜੋ ਗੱਲਬਾਤ ਹੋਈ ਸੀ ਅਤੇ ਜੋ ਸਮਝੌਤਾ ਤੈਅ ਹੋਇਆ ਸੀ, ਸਰਕਾਰ ਵੱਲੋਂ ਅਜੇ ਤੱਕ ਉਸ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਜਦੋਂ ਤੱਕ ਸਰਕਾਰ ਮੰਨੀਆਂ ਹੋਈਆਂ ਮੰਗਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਦਾ ਸਮਰਥਨ
ਇਸ ਬੰਦ ਨੂੰ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰਨਾਂ ਸਿਆਸੀ ਪਾਰਟੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਅਤੇ ਵੱਖ-ਵੱਖ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਦਾ ਭਰਪੂਰ ਸਮਰਥਨ ਮਿਲਿਆ ਹੈ।
ਵੱਖ-ਵੱਖ ਸ਼ਹਿਰਾਂ ਵਿੱਚ ਪੰਜਾਬ ਬੰਦ ਦਾ ਅਸਰ:
ਸੰਗਰੂਰ: ਸੰਗਰੂਰ ਵਿੱਚ ਬੰਦ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ। ਵਪਾਰ ਮੰਡਲ ਅਤੇ ਕਿਸਾਨਾਂ ਵੱਲੋਂ ਪੂਰਾ ਸਾਥ ਦਿੰਦਿਆਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ, ਜਿਸ ਕਾਰਨ ਬਾਜ਼ਾਰਾਂ ਵਿੱਚ ਸੁੰਨਸਾਨ ਛਾਈ ਰਹੀ ਅਤੇ ਦੁਕਾਨਾਂ ਨੂੰ ਜਿੰਦੇ ਲੱਗੇ ਰਹੇ।
ਮਾਨਸਾ: ਪੰਜਾਬ ਬੰਦ ਦੇ ਸੱਦੇ ਤਹਿਤ ਮਾਨਸਾ ਸ਼ਹਿਰ ਵੀ ਪੂਰਨ ਤੌਰ 'ਤੇ ਬੰਦ ਰਿਹਾ। ਵੱਖ-ਵੱਖ ਜਥੇਬੰਦੀਆਂ ਨੇ ਸਫ਼ਾਈ ਕਰਮਚਾਰੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।