ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੁਣਾਏ ਗਏ ਫ਼ੈਸਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਉਨ੍ਹਾਂ ਨੂੰ ਪੰਥ ਵਿੱਚੋਂ ਛੇਕੇ ਜਾਣ ਅਤੇ ਸਿੱਖ ਸੰਸਥਾਵਾਂ ਵਿੱਚ ਸੇਵਾਵਾਂ ਨਿਭਾਉਣ 'ਤੇ ਉਮਰ ਭਰ ਦੀ ਰੋਕ ਲਗਾਉਣ ਦੇ ਫ਼ੈਸਲੇ ਤੋਂ ਬਾਅਦ ਚਾਵਲਾ ਨੇ ਜਥੇਦਾਰ ਸਾਹਿਬਾਨ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਮੇਰਾ ਪੱਖ ਨਹੀਂ ਸੁਣਿਆ ਗਿਆ - ਅਮਰਜੀਤ ਚਾਵਲਾ
ਅਮਰਜੀਤ ਚਾਵਲਾ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਦਾ ਪੱਖ ਬਿਲਕੁਲ ਨਹੀਂ ਸੁਣਿਆ ਗਿਆ ਅਤੇ ਸਿਆਸੀ ਦਬਾਅ ਹੇਠ ਉਨ੍ਹਾਂ ਦੇ ਖ਼ਿਲਾਫ਼ ਇਹ ਸਖ਼ਤ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਠੋਸ ਜਾਂਚ ਅਤੇ ਸੱਚਾਈ ਜਾਣੇ ਬਲੀ ਦਾ ਬੱਕਰਾ ਬਣਾਇਆ ਗਿਆ ਹੈ।
"ਮੈਂ ਕੋਈ ਸੁੱਚਾ ਸਿੰਘ ਲੰਗਾਹ ਨਹੀਂ ਹਾਂ"
ਆਪਣੀ ਸਫ਼ਾਈ ਦਿੰਦਿਆਂ ਚਾਵਲਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਤੁਲਨਾ ਅਜਿਹੇ ਵਿਵਾਦਾਂ ਨਾਲ ਨਾ ਕੀਤੀ ਜਾਵੇ। ਉਨ੍ਹਾਂ ਤਰਕ ਭਰੇ ਲਹਿਜ਼ੇ ਵਿੱਚ ਆਖਿਆ, "ਮੈਂ ਕੋਈ ਸੁੱਚਾ ਸਿੰਘ ਲੰਗਾਹ ਨਹੀਂ ਹਾਂ।" ਉਨ੍ਹਾਂ ਕਿਹਾ ਕਿ ਲੰਗਾਹ ਦੀ ਇਤਰਾਜ਼ਯੋਗ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੀ ਇੱਕ ਕਮੇਟੀ ਬਣਾਈ ਗਈ ਫਿਰ ਜਿਸ ਤਰ੍ਹਾਂ ਦੇ ਫ਼ੈਸਲੇ ਲਏ ਗਏ, ਉਸ ਨਾਲ ਸਾਰੇ ਸੋਚਣ ਲਈ ਮਜਬੂਰ ਹਨ, ਪਰ ਉਨ੍ਹਾਂ ਦੇ ਮਾਮਲੇ ਵਿੱਚ ਕਾਹਲੀ ਦਿਖਾਈ ਗਈ ਹੈ।
ਪੰਥ 'ਚੋਂ ਛੇਕੇ ਜਾਣ 'ਤੇ ਵਿਵਾਦ
ਦੱਸਣਯੋਗ ਹੈ ਕਿ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਫ਼ਸੀਲ ਤੋਂ ਫ਼ੈਸਲਾ ਸੁਣਾਉਂਦਿਆਂ ਅਮਰਜੀਤ ਸਿੰਘ ਚਾਵਲਾ ਅਤੇ ਐਡੀਸ਼ਨਲ ਹੈੱਡ ਗ੍ਰੰਥੀ ਮਲਕੀਤ ਸਿੰਘ ਨੂੰ ਪੰਥ ਵਿੱਚੋਂ ਖ਼ਾਰਜ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਸਿੱਖ ਸੰਸਥਾਵਾਂ ਵਿੱਚ ਕੰਮ ਕਰਨ 'ਤੇ ਉਮਰ ਭਰ ਦੀ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਫ਼ੈਸਲੇ ਤੋਂ ਬਾਅਦ ਸਿਆਸੀ ਅਤੇ ਧਾਰਮਿਕ ਗਲਿਆਰਿਆਂ ਵਿੱਚ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ।