ਚੰਡੀਗੜ੍ਹ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਆਮ ਆਦਮੀ ਪਾਰਟੀ ਦੇ 2 ਕੌਂਸਲਰ ਆਪਣੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ, ਜਿਸ ਤੋਂ ਬਾਅਦ ਪਾਰਟੀ ਵਿੱਚ ਹਲਚਲ ਪੈਂਦਾ ਹੋ ਗਈ ਹੈ। ਸ਼ਾਮਲ ਹੋਈਆਂ ਸੁਮਨ ਦੇਵੀ ਅਤੇ ਪੂਨਮ ਭਾਜਪਾ ਦਫ਼ਤਰ ਵਿੱਚ ਪਾਰਟੀ ਵਿੱਚ ਸ਼ਾਮਲ ਹੋਈਆਂ। ਇਨ੍ਹਾਂ ਕੌਂਸਲਰਾਂ ਨੂੰ ਭਾਜਪਾ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਦਿਵਾਈ ਗਈ।
ਇਸ ਦੌਰਾਨ ਸ਼ਾਮਲ ਕੌਂਸਲਰਾਂ ਦਾ ਸਵਾਗਤ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ, ਵਿਚਾਰਧਾਰਾ ’ਤੇ ਨੇਤਾਵਾਂ ਅਤੇ ਜ਼ਮੀਨੀ ਵਰਕਰਾਂ ਦਾ ਵੱਧਦਾ ਭਰੋਸਾ ਪੰਜਾਬ ਭਰ ਵਿੱਚ ਪਾਰਟੀ ਦੀ ਵੱਧਦੀ ਤਾਕਤ ਅਤੇ ਸਵੀਕਾਰਤਾ ਨੂੰ ਦਰਸਾਉਂਦਾ ਹੈ। ਨਵੇਂ ਸ਼ਾਮਲ ਹੋਏ ਨੇਤਾਵਾਂ ਨੇ ਭਾਜਪਾ ਦੇ ਵਿਜ਼ਨ ’ਤੇ ਪੂਰਾ ਭਰੋਸਾ ਜਤਾਇਆ ਅਤੇ ਕਿਹਾ ਕਿ ਉਹ ਇਕੱਠੇ ਮਿਲ ਕੇ ਜ਼ਮੀਨੀ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨਗੇ ਅਤੇ ਪੂਰੀ ਨਿਸ਼ਠਾ ਨਾਲ ਪੰਜਾਬ ਦੀ ਜਨਤਾ ਦੀ ਸੇਵਾ ਕਰਨਗੇ।
ਮੀਡਿਆ ਰਿਪੋਰਟਾਂ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਲਈ ਚੋਣ ਹੋਣ ਵਾਲੀਆਂ ਹਨ। ਇਸ ਤੋਂ ਪਹਿਲਾ ਹੀ ਚੰਡੀਗੜ੍ਹ ਨਗਰ ਨਿਗਮ ਵਿੱਚ ਉਥਲ-ਪੁੱਥਲ ਹੋ ਗਈ ਹੈ। ਜਿਹਨਾਂ ਦਾ ਅਸਰ ਆਉਣ ਵਾਲੀਆਂ ਚੋਣਾਂ ਉੱਤੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਇਸ ਸਮੇਂ ਭਾਜਪਾ ਦੀ ਇੱਕ ਮਹਿਲਾ ਮੇਅਰ ਹੈ। ਉੱਥੇ ਹੀ ਆਮ ਆਦਮੀ ਪਾਰਟੀ ਕੋਲ ਪਹਿਲਾਂ 13 ਕੌਂਸਲਰ ਸਨ, ਪਰ ਹੁਣ 2 ਕੌਂਸਲਰ ਆਪਣੀ ਪਾਰਟੀ ਛੱਡ ਚੁੱਕੇ ਹਨ। ਉੱਥੇ ਹੀ ਕਾਂਗਰਸ ਕੋਲ 6 ਕੌਂਸਲਰ ਹਨ ਅਤੇ ਇੱਕ ਸੰਸਦ ਮੈਂਬਰ ਦੀ ਵੋਟ ਵੀ ਸ਼ਾਮਲ ਹੈ। ਉੱਥੇ ਹੀ ਭਾਜਪਾ ਕੋਲ ਪਹਿਲਾ 16 ਕੌਂਸਲਰ ਸਨ ਅਤੇ 2 ਹੋਰ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ, ਜਿਸ ਨਾਲ ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀ ਕੁੱਲ ਗਿਣਤੀ 35 ਹੋ ਗਈ ਹੈ, ਜੋ ਕਿ ਬਹੁਮਤ ਹੈ।