Friday, 24th of April 2026

Punjab Blackout: ਪੰਜਾਬ 'ਚ ਅੱਜ 'ਬਲੈਕ ਆਊਟ': ਰਾਤ 8 ਵਜੇ ਵੱਜਣਗੇ ਸਾਇਰਨ, ਛਾਏਗਾ ਹਨੇਰਾ; ਜਾਣੋ ਕਿੱਥੇ-ਕਿੱਥੇ ਹੋਏਗੀ ਮੌਕ ਡਰਿੱਲ

By: GTC News Desk | Edited By: Lajwinder Kaur | Updated at: April 24th 2026 12:06 PM
Punjab Blackout: ਪੰਜਾਬ 'ਚ ਅੱਜ 'ਬਲੈਕ ਆਊਟ': ਰਾਤ 8 ਵਜੇ ਵੱਜਣਗੇ ਸਾਇਰਨ, ਛਾਏਗਾ ਹਨੇਰਾ; ਜਾਣੋ ਕਿੱਥੇ-ਕਿੱਥੇ ਹੋਏਗੀ ਮੌਕ ਡਰਿੱਲ

Punjab Blackout: ਪੰਜਾਬ 'ਚ ਅੱਜ 'ਬਲੈਕ ਆਊਟ': ਰਾਤ 8 ਵਜੇ ਵੱਜਣਗੇ ਸਾਇਰਨ, ਛਾਏਗਾ ਹਨੇਰਾ; ਜਾਣੋ ਕਿੱਥੇ-ਕਿੱਥੇ ਹੋਏਗੀ ਮੌਕ ਡਰਿੱਲ

ਪੰਜਾਬ ਵਿੱਚ ਅੱਜ ਯਾਨੀਕਿ 24 ਅਪ੍ਰੈਲ ਜੰਗ ਵਰਗੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਪਰਖਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕੀਤੀ ਜਾਵੇਗੀ। ਇਸ ਅਭਿਆਸ ਦੌਰਾਨ ਰਾਤ 8:00 ਵਜੇ ਤੋਂ 8:15 ਵਜੇ ਤੱਕ 15 ਮਿੰਟ ਲਈ ਮੁਕੰਮਲ 'ਬਲੈਕ ਆਊਟ' ਰਹੇਗਾ ਅਤੇ ਸਾਇਰਨ ਵੀ ਵਜਾਏ ਜਾਣਗੇ। ਇਹ ਕਾਰਵਾਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਅਮਲ ਵਿੱਚ ਲਿਆਉਂਦੀ ਜਾ ਰਹੀ ਹੈ।

ਬਲੈਕ ਆਊਟ ਦੀਆਂ ਤਿਆਰੀਆਂ ਹੋਈਆਂ ਮੁਕੰਮਲ, ਨਾ ਘਬਰਾਉਣ ਲੋਕ

ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬਲੈਕ ਆਊਟ ਦੌਰਾਨ ਜਨਰੇਟਰ ਅਤੇ ਟਾਰਚ ਦੀ ਵਰਤੋਂ 'ਤੇ ਵੀ ਪਾਬੰਦੀ ਰਹੇਗੀ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਬਕਾਇਦਾ ਅਨਾਊਂਸਮੈਂਟਾਂ ਕਰਵਾਈਆਂ ਜਾਣਗੀਆਂ। ਸਰਕਾਰ ਨੇ ਅਪੀਲ ਕੀਤੀ ਹੈ ਕਿ ਲੋਕ ਘਬਰਾਉਣ ਨਾ ਅਤੇ ਇਸ ਅਭਿਆਸ ਵਿੱਚ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਈ ਵਿੱਚ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਵੀ ਪੰਜਾਬ ਵਿੱਚ ਅਜਿਹੀ ਮੌਕ ਡਰਿੱਲ ਕੀਤੀ ਗਈ ਸੀ।

ਲੁਧਿਆਣਾ - ਲੁਧਿਆਣਾ ਵਿੱਚ ਬਲੈਕਆਊਟ ਦਾ ਸਮਾਂ ਸ਼ਾਮ 8:00 ਤੋਂ 8:15 ਵਜੇ ਤੱਕ ਰਹੇਗਾ, ਜਦਕਿ 7:55 ਵਜੇ ਹੀ ਸਾਇਰਨ ਵਜਾ ਦਿੱਤਾ ਜਾਵੇਗਾ। ਇਹ ਬਲੈਕਆਊਟ ਮੁੱਖ ਤੌਰ 'ਤੇ ਪੀ.ਏ.ਯੂ. (PAU), ਕਿਚਲੂ ਨਗਰ ਅਤੇ ਅਗਰ ਨਗਰ ਡਿਵੀਜ਼ਨ ਦੇ ਅਧੀਨ ਆਉਂਦੇ ਇਲਾਕਿਆਂ ਵਿੱਚ ਕੀਤਾ ਜਾਵੇਗਾ। ਜ਼ਿਲ੍ਹੇ ਵਿੱਚ ਕੁੱਲ 12 ਥਾਵਾਂ 'ਤੇ ਮੌਕ ਡਰਿੱਲ ਚਲਾਈ ਜਾਵੇਗੀ।

ਅੰਮ੍ਰਿਤਸਰ - ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਪਾਇਟੈਕਸ (PITEX) ਗਰਾਊਂਡ ਵਿੱਚ ਸਿਵਲ ਡਿਫੈਂਸ ਵੱਲੋਂ 'ਏਅਰ ਰੇਡ' ਅਤੇ 'ਬਲੈਕਆਊਟ' ਮੌਕ ਡਰਿੱਲ ਕੀਤੀ ਜਾਵੇਗੀ। ਇਸ ਦੌਰਾਨ ਰਾਤ 8:00 ਤੋਂ 8:10 ਵਜੇ ਤੱਕ (10 ਮਿੰਟ ਲਈ) ਰਣਜੀਤ ਐਵੇਨਿਊ ਇਲਾਕੇ ਵਿੱਚ ਮੁਕੰਮਲ ਬਲੈਕਆਊਟ ਰਹੇਗਾ।

ਮੋਹਾਲੀ - ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਰਾਤ ਨੂੰ ਸੈਕਟਰ 76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਿਵਲ ਡਿਫੈਂਸ ਮੌਕ ਡਰਿੱਲ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜਾਣਕਾਰੀ ਦਿੱਤੀ ਕਿ ਇਹ ਸਾਰੀ ਪ੍ਰਕਿਰਿਆ ਰਾਤ 8:00 ਵਜੇ ਤੋਂ 8:15 ਵਜੇ ਦੇ ਦਰਮਿਆਨ ਚਲਾਈ ਜਾਵੇਗੀ।

ਪਠਾਨਕੋਟ - ਪਠਾਨਕੋਟ ਵਿੱਚ ਰਾਤ 8:00 ਵਜੇ ਬਲੈਕਆਊਟ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 7:58 ਵਜੇ 2 ਮਿੰਟ ਲਈ ਸਾਇਰਨ ਵਜਾਇਆ ਜਾਵੇਗਾ। ਰਾਤ 8:00 ਤੋਂ 8:15 ਵਜੇ ਤੱਕ (15 ਮਿੰਟ ਲਈ) ਬਲੈਕਆਊਟ ਰਹੇਗਾ, ਜਿਸ ਤੋਂ ਬਾਅਦ 8:15 ਵਜੇ ਫਿਰ 2 ਮਿੰਟ ਲਈ ਸਾਇਰਨ ਵਜਾ ਕੇ ਅਭਿਆਸ ਦੀ ਸਮਾਪਤੀ ਦਾ ਸੰਕੇਤ ਦਿੱਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਇਹ ਬਲੈਕਆਊਟ ਸਿਰਫ਼ ਨਗਰ ਨਿਗਮ ਦੇ 50 ਵਾਰਡਾਂ ਵਿੱਚ ਹੀ ਲਾਗੂ ਹੋਵੇਗਾ, ਜਦਕਿ ਪੇਂਡੂ ਖੇਤਰਾਂ ਵਿੱਚ ਬਿਜਲੀ ਸਪਲਾਈ ਆਮ ਵਾਂਗ ਜਾਰੀ ਰਹੇਗੀ।

ਜਲੰਧਰ - ਜਲੰਧਰ ਦੇ ਖਾਲਸਾ ਕਾਲਜ ਫਾਰ ਵੂਮੈਨ ਵਿੱਚ 23 ਅਪ੍ਰੈਲ ਨੂੰ ਮੌਕ ਡਰਿੱਲ ਕਰਵਾਈ ਜਾਵੇਗੀ। ਰਾਤ 8:00 ਵਜੇ ਕਾਲਜ ਕੈਂਪਸ ਵਿੱਚ ਬਲੈਕਆਊਟ ਕੀਤਾ ਜਾਵੇਗਾ। ਡੀ.ਸੀ. ਵਰਜੀਤ ਵਾਲੀਆ ਅਨੁਸਾਰ, ਇਹ ਡਰਿੱਲ ਸਿਰਫ਼ ਐਮਰਜੈਂਸੀ ਤਿਆਰੀਆਂ ਨੂੰ ਪਰਖਣ ਲਈ ਹੈ ਅਤੇ ਪੂਰੇ ਜ਼ਿਲ੍ਹੇ ਵਿੱਚ ਬਲੈਕਆਊਟ ਨਹੀਂ ਹੋਵੇਗਾ।

ਤਰਨਤਾਰਨ - ਡਿਪਟੀ ਕਮਿਸ਼ਨਰ ਰਾਹੁਲ ਅਨੁਸਾਰ ਅੱਜ ਰਾਤ 8:00 ਵਜੇ ਜ਼ਿਲ੍ਹੇ ਵਿੱਚ 'ਏਅਰ ਰੇਡ' ਅਤੇ ਬਲੈਕਆਊਟ ਮੌਕ ਡਰਿੱਲ ਹੋਵੇਗੀ। ਅਭਿਆਸ ਦੀ ਸ਼ੁਰੂਆਤ ਵਿੱਚ 2 ਮਿੰਟ ਤੱਕ ਉਤਾਰ-ਚੜ੍ਹਾਅ ਵਾਲੀ ਆਵਾਜ਼ ਵਿੱਚ ਸਾਇਰਨ ਵਜਾਇਆ ਜਾਵੇਗਾ। ਇਸ ਦੌਰਾਨ ਕੁਝ ਸਮੇਂ ਲਈ ਬਿਜਲੀ ਸਪਲਾਈ ਬੰਦ ਕੀਤੀ ਜਾ ਸਕਦੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਦੀ ਬਜਾਏ ਇਸ ਪ੍ਰਕਿਰਿਆ ਵਿੱਚ ਸਹਿਯੋਗ ਕਰਨ।

ਫਾਜ਼ਿਲਕਾ - ਫਾਜ਼ਿਲਕਾ ਵਿੱਚ ਵੀ ਅੱਜ ਰਾਤ 8:00 ਵਜੇ ਰਾਜ ਵਿਆਪੀ ਮੌਕ ਡਰਿੱਲ ਕਰਵਾਈ ਜਾਵੇਗੀ। ਸਰਹੱਦੀ ਜ਼ਿਲ੍ਹਾ ਹੋਣ ਕਾਰਨ ਇੱਥੇ ਵਿਸ਼ੇਸ਼ ਚੌਕਸੀ ਵਰਤੀ ਜਾਵੇਗੀ। ਬਲੈਕਆਊਟ ਦੌਰਾਨ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਭਿਆਸ ਦੇ ਅੰਤ ਵਿੱਚ 2 ਮਿੰਟ ਦਾ ਸਾਇਰਨ ਵਜਾਇਆ ਜਾਵੇਗਾ, ਜੋ "ਆਲ ਕਲੀਅਰ" (ਸਭ ਠੀਕ ਹੈ) ਦਾ ਸੰਕੇਤ ਦੇਵੇਗਾ।

ਬਠਿੰਡਾ - ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਨੁਸਾਰ, ਬਠਿੰਡਾ ਵਿੱਚ ਰਾਤ 8:00 ਵਜੇ ਸਿਵਲ ਡਿਫੈਂਸ ਮੌਕ ਡਰਿੱਲ ਸ਼ੁਰੂ ਹੋਵੇਗੀ। ਸਾਇਰਨ ਵੱਜਣ ਦੇ ਨਾਲ ਹੀ ਪੁੱਡਾ ਮਾਰਕੀਟ ਅਤੇ 100 ਫੁੱਟ ਰੋਡ ਵਰਗੇ ਚੁਣੇ ਹੋਏ ਇਲਾਕਿਆਂ ਵਿੱਚ ਬਲੈਕਆਊਟ ਕੀਤਾ ਜਾਵੇਗਾ। ਲਗਭਗ 15 ਮਿੰਟ ਦੀ ਇਸ ਡਰਿੱਲ ਵਿੱਚ ਖੋਜ ਅਤੇ ਬਚਾਅ ਕਾਰਜ (ਸਰਚ ਐਂਡ ਰੈਸਕਿਊ), ਰਾਹਤ ਕਾਰਜਾਂ ਅਤੇ ਡਾਕਟਰੀ ਸਹਾਇਤਾ ਦਾ ਅਭਿਆਸ ਕੀਤਾ ਜਾਵੇਗਾ। ਇਸ ਦੌਰਾਨ ਜ਼ਰੂਰੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।

ਫਿਰੋਜ਼ਪੁਰ - ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਅੱਜ ਰਾਤ 8:00 ਵਜੇ ਫਿਰੋਜ਼ਪੁਰ ਸ਼ਹਿਰ, ਛਾਉਣੀ (ਕੈਂਟ) ਅਤੇ ਸਰਹੱਦੀ ਸੰਵੇਦਨਸ਼ੀਲ ਇਲਾਕਿਆਂ ਵਿੱਚ ਮੌਕ ਡਰਿੱਲ ਸ਼ੁਰੂ ਹੋਵੇਗੀ। ਅਭਿਆਸ ਦੀ ਸ਼ੁਰੂਆਤ ਵਿੱਚ 2 ਮਿੰਟ ਤੱਕ ਉਤਾਰ-ਚੜ੍ਹਾਅ ਵਾਲੀ ਆਵਾਜ਼ ਵਿੱਚ ਸਾਇਰਨ ਵਜਾਇਆ ਜਾਵੇਗਾ, ਜੋ ਕਿ 'ਏਅਰ ਰੇਡ ਵਾਰਨਿੰਗ' (ਹਵਾਈ ਹਮਲੇ ਦੀ ਚੇਤਾਵਨੀ) ਦਾ ਸੰਕੇਤ ਹੋਵੇਗਾ। ਇਸ ਤੋਂ ਬਾਅਦ ਲੋਕਾਂ ਨੂੰ ਆਪਣੀਆਂ ਲਾਈਟਾਂ ਬੰਦ ਕਰਨੀਆਂ ਪੈਣਗੀਆਂ ਅਤੇ ਮੁਕੰਮਲ ਬਲੈਕਆਊਟ ਲਾਗੂ ਕੀਤਾ ਜਾਵੇਗਾ।

ਬਿਜਲੀ ਵਿਭਾਗ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ, ਸਰਕਾਰੀ ਇਮਾਰਤਾਂ ਅਤੇ ਰਿਹਾਇਸ਼ੀ ਕਲੋਨੀਆਂ ਵਿੱਚ ਕੁਝ ਸਮੇਂ ਲਈ ਬਿਜਲੀ ਦੀ ਸਪਲਾਈ ਰੋਕੀ ਜਾਵੇਗੀ। ਅਭਿਆਸ ਦੇ ਅੰਤ ਵਿੱਚ 2 ਮਿੰਟ ਤੱਕ ਲਗਾਤਾਰ ਸਾਇਰਨ ਵੱਜੇਗਾ, ਜੋ ਕਿ "ਆਲ ਕਲੀਅਰ" ਦਾ ਸੰਕੇਤ ਹੋਵੇਗਾ, ਜਿਸ ਤੋਂ ਬਾਅਦ ਸਥਿਤੀ ਮੁੜ ਆਮ ਵਾਂਗ ਬਹਾਲ ਹੋ ਜਾਵੇਗੀ।

ਮੌਕ ਡਰਿੱਲ ਦੌਰਾਨ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਵੇ:

ਅਭਿਆਸ ਦੀ ਸ਼ੁਰੂਆਤ ਏਅਰ ਰੇਡ (ਹਵਾਈ ਹਮਲੇ) ਦੀ ਚੇਤਾਵਨੀ ਦੇ ਸਿਗਨਲ ਨਾਲ ਹੋਵੇਗੀ, ਜਿਸ ਦੌਰਾਨ ਲਗਭਗ 2 ਮਿੰਟ ਤੱਕ ਉਤਾਰ-ਚੜ੍ਹਾਅ ਵਾਲੀ (High-Low pitch) ਆਵਾਜ਼ ਵਿੱਚ ਸਾਇਰਨ ਵਜਾਏ ਜਾਣਗੇ। ਇਸ ਤੋਂ ਤੁਰੰਤ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਨਿਰਧਾਰਿਤ ਕੀਤੇ ਗਏ ਇਲਾਕਿਆਂ ਵਿੱਚ ਬਲੈਕਆਊਟ ਕੀਤਾ ਜਾਵੇਗਾ। ਇਹਨਾਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਲਈ ਕਿਹਾ ਜਾਵੇਗਾ, ਜਦਕਿ ਹਸਪਤਾਲ ਅਤੇ ਹੋਰ ਜ਼ਰੂਰੀ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ।

ਮੌਕ ਡਰਿੱਲ ਦੀ ਸਮਾਪਤੀ ਅਤੇ ਹੋਰ ਅਹਿਮ ਜਾਣਕਾਰੀ ਬਾਰੇ ਜਾਣੋ

'ਆਲ ਕਲੀਅਰ' ਸਿਗਨਲ: ਡਰਿੱਲ ਦੇ ਅੰਤ ਵਿੱਚ 'ਆਲ ਕਲੀਅਰ' ਸਿਗਨਲ ਦਿੱਤਾ ਜਾਵੇਗਾ। ਇਸ ਤਹਿਤ ਇੱਕ ਲਗਾਤਾਰ ਉੱਚੀ ਆਵਾਜ਼ (High Pitch) ਵਾਲਾ ਸਾਇਰਨ 2 ਮਿੰਟ ਤੱਕ ਵੱਜੇਗਾ, ਜੋ ਇਸ ਗੱਲ ਦਾ ਸੰਕੇਤ ਹੋਵੇਗਾ ਕਿ ਅਭਿਆਸ ਸਫਲਤਾਪੂਰਵਕ ਮੁਕੰਮਲ ਹੋ ਚੁੱਕਾ ਹੈ।

ਵੱਖ-ਵੱਖ ਗਤੀਵਿਧੀਆਂ ਦੀ ਰਿਹਰਸਲ: ਇਸ ਅਭਿਆਸ ਦੌਰਾਨ ਸਿਰਫ਼ ਬਲੈਕਆਊਟ ਹੀ ਨਹੀਂ, ਸਗੋਂ ਅੱਗ ਬੁਝਾਊ ਦਸਤੇ ਦੀ ਕਾਰਵਾਈ (Fire Response), ਖੋਜ ਅਤੇ ਬਚਾਅ ਕਾਰਜ, ਮੁੱਢਲੀ ਸਹਾਇਤਾ (First Aid), ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਅਤੇ ਟ੍ਰੈਫਿਕ ਤੇ ਭੀੜ ਨੂੰ ਕੰਟਰੋਲ ਕਰਨ ਵਰਗੀਆਂ ਮਹੱਤਵਪੂਰਨ ਗਤੀਵਿਧੀਆਂ ਦੀ ਵੀ ਰਿਹਰਸਲ ਕੀਤੀ ਜਾਵੇਗੀ।

ਲੋਕਾਂ ਨੂੰ ਅਪੀਲ: ਸੂਬਾ ਸਰਕਾਰ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ ਕਿ ਇਸ ਦੌਰਾਨ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਇਹ ਸਿਰਫ਼ ਇੱਕ ਅਭਿਆਸ ਹੈ, ਜੋ ਕਿਸੇ ਵੀ ਹੰਗਾਮੀ ਸਥਿਤੀ ਦੌਰਾਨ ਸਿਵਲ ਡਿਫੈਂਸ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ।

Latest News