Monday, 5th of October 2026

ਪੰਜਾਬ-ਹਰਿਆਣਾ 'ਚ ਅੱਤ ਦੀ ਗਰਮੀ: ਫ਼ਰੀਦਕੋਟ 'ਚ ਪਾਰਾ 47°C ਤੋਂ ਪਾਰ; ਅਗਲੇ 7 ਦਿਨ ਚੱਲੇਗੀ ਲੂ, ਐਡਵਾਈਜ਼ਰੀ ਜਾਰੀ

Edited By: Lajwinder Kaur | Updated at:
ਪੰਜਾਬ-ਹਰਿਆਣਾ 'ਚ ਅੱਤ ਦੀ ਗਰਮੀ: ਫ਼ਰੀਦਕੋਟ 'ਚ ਪਾਰਾ 47°C ਤੋਂ ਪਾਰ; ਅਗਲੇ 7 ਦਿਨ ਚੱਲੇਗੀ ਲੂ, ਐਡਵਾਈਜ਼ਰੀ ਜਾਰੀ

ਪੰਜਾਬ-ਹਰਿਆਣਾ 'ਚ ਅੱਤ ਦੀ ਗਰਮੀ: ਫ਼ਰੀਦਕੋਟ 'ਚ ਪਾਰਾ 47°C ਤੋਂ ਪਾਰ; ਅਗਲੇ 7 ਦਿਨ ਚੱਲੇਗੀ ਲੂ, ਐਡਵਾਈਜ਼ਰੀ ਜਾਰੀ

ਉੱਤਰ ਭਾਰਤ ਵਿੱਚ ਭਿਆਨਕ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਸੂਰਜ ਦੇ ਤਿੱਖੇ ਤੇਵਰਾਂ ਕਰਕੇ ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਹੈ। ਪੰਜਾਬ ਅਤੇ ਹਰਿਆਣਾ ਵਿੱਚ ਚੱਲ ਰਹੀ ਲੂ ਦਾ ਪ੍ਰਕੋਪ ਮੰਗਲਵਾਰ ਯਾਨੀਕਿ 19 ਮਈ ਨੂੰ ਹੋਰ ਵੀ ਵਧ ਗਿਆ। ਵੱਧੀ ਹੋਈ ਗਰਮੀ ਦੇ ਕਰਕੇ ਬਿਜਲੀ ਦੀ ਖਪਤ ਵੀ ਵੱਧ ਗਈ ਹੈ। ਜਿਸ ਕਰਕੇ ਕਈ ਥਾਵਾਂ ਉੱਤੇ ਬਿਜਲੀ ਦਾ ਲੋਡ ਵੱਧਣ ਕਰਕੇ ਟਰਾਂਸਫਾਰਮਰ ਦੇ ਖਰਾਬ ਹੋਣ ਕਰਕੇ ਜਨਤਾ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰਾਤਾਂ ਵੀ ਹੋ ਰਹੀਆਂ ਗਰਮ

ਮੰਗਲਵਾਰ ਨੂੰ ਪੰਜਾਬ ਦੇ ਬਠਿੰਡਾ, ਪਟਿਆਲਾ, ਲੁਧਿਆਣਾ ਅਤੇ ਫ਼ਰੀਦਕੋਟ ਵਿੱਚ ਦਿਨ ਵੇਲੇ ਲੂ ਦੇ ਥਪੇੜਿਆਂ ਨੇ ਲੋਕਾਂ ਨੂੰ ਖੂਬ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਰਾਤ ਦਾ ਤਾਪਮਾਨ ਵੀ ਕਾਫ਼ੀ ਜ਼ਿਆਦਾ ਰਿਹਾ, ਜਿਸ ਕਾਰਨ ਰਾਤਾਂ ਵੀ ਬੇਹੱਦ ਗਰਮ ਰਹੀਆਂ।

ਫ਼ਰੀਦਕੋਟ 'ਚ ਪਾਰਾ 47°C ਤੋਂ ਪਾਰ

ਫ਼ਰੀਦਕੋਟ ਪੰਜਾਬ ਵਿੱਚ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 47.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਵਧੇਰੇ ਸੀ। ਜਦੋਂ ਕਿ ਇੱਥੇ ਘੱਟੋ-ਘੱਟ ਤਾਪਮਾਨ ਵੀ 30 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਮੌਸਮ ਵਿਭਾਗ ਦੇ ਮੁਤਾਬਕ, ਫ਼ਰੀਦਕੋਟ ਵਿੱਚ ਦਿਨ ਦਾ ਤਾਪਮਾਨ 47.3 ਡਿਗਰੀ ਸੈਲਸੀਅਸ ਅਤੇ ਰੋਹਤਕ ਵਿੱਚ 46.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ, ਦੋਵਾਂ ਰਾਜਾਂ ਦੇ ਕਈ ਹੋਰ ਇਲਾਕਿਆਂ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ, ਜਿਸ ਕਾਰਨ ਲੋਕਾਂ ਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਵਿੱਚ ਵੀ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇੱਥੇ ਵੱਧ ਤੋਂ ਵੱਧ ਤਾਪਮਾਨ ਵਧ ਕੇ 43.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।

ਚੰਡੀਗੜ੍ਹ 'ਚ ਵੀ ਤਾਪਮਾਨ ਵਧਿਆ

ਮੌਸਮ ਵਿਭਾਗ ਦੇ ਅਨੁਸਾਰ, ਦੋਵਾਂ ਰਾਜਾਂ (ਪੰਜਾਬ ਅਤੇ ਹਰਿਆਣਾ) ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਦਰਜ ਕੀਤਾ ਗਿਆ ਇਹ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਜ਼ਿਆਦਾ ਹੈ। ਅੰਬਾਲਾ ਵਿੱਚ ਵੀ ਗਰਮੀ ਦਾ ਕਹਿਰ ਜਾਰੀ ਹੈ ਅਤੇ ਇੱਥੇ ਪਾਰਾ 44 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ।

ਸਿਰਸਾ ਅਤੇ ਗੁਰੂਗ੍ਰਾਮ ਦਾ ਹਾਲ ਵੀ ਗਰਮੀ ਕਾਰਨ ਬੇਹਾਲ ਨਜ਼ਰ ਆ ਰਿਹਾ ਹੈ। ਸਿਰਸਾ ਵਿੱਚ ਤਾਪਮਾਨ 46.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਭਿਵਾਨੀ ਵਿੱਚ 42.5 ਡਿਗਰੀ ਸੈਲਸੀਅਸ ਅਤੇ ਗੁਰੂਗ੍ਰਾਮ ਵਿੱਚ ਵੱਧ ਤੋਂ ਵੱਧ ਤਾਪਮਾਨ 43.2 ਡਿਗਰੀ ਸੈਲਸੀਅਸ ਰਿਹਾ।

ਇਸ ਤੋਂ ਇਲਾਵਾ, ਗੁਰਦਾਸਪੁਰ ਵਿੱਚ ਤਾਪਮਾਨ 43 ਡਿਗਰੀ ਸੈਲਸੀਅਸ ਅਤੇ ਫਿਰੋਜ਼ਪੁਰ ਵਿੱਚ 42.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਵੀ ਲੋਕ ਗਰਮੀ ਨਾਲ ਬੇਹਾਲ ਹਨ।

ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਹਾਲਾਤ ਹੋਰ ਵੀ ਵਿਗੜ ਸਕਦੇ ਹਨ, ਕਿਉਂਕਿ ਸੂਬੇ ਵਿੱਚ ਲੂ ਤੋਂ ਅੱਤ ਦੀ ਲੂ (ਹੀਟ ਵੇਵ ਤੋਂ ਸੀਵੀਅਰ ਹੀਟ ਵੇਵ) ਵਰਗੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 45 ਤੋਂ 47 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ, ਜਦੋਂ ਕਿ ਕੁਝ ਜ਼ਿਲ੍ਹਿਆਂ ਵਿੱਚ ਪਾਰਾ 47 ਡਿਗਰੀ ਸੈਲਸੀਅਸ ਨੂੰ ਵੀ ਪਾਰ ਕਰ ਸਕਦਾ ਹੈ।

ਇਸ ਭਿਆਨਕ ਸਥਿਤੀ ਨੂੰ ਦੇਖਦੇ ਹੋਏ ਔਰੇਂਜ ਅਲਰਟ (Orange Alert) ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਧੁੱਪ ਵਿੱਚ ਬਾਹਰ ਨਿਕਲਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ, ਖ਼ਾਸ ਕਰਕੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ। ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ, ਕਿਉਂਕਿ ਇਨ੍ਹਾਂ ਗਰਮ ਹਵਾਵਾਂ ਕਾਰਨ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।