ਭਾਜਪਾ ਦਾ ਵੱਡਾ ਐਕਸ਼ਨ! ਅਚਾਨਕ ਸੱਦ ਲਈ ਪੰਜਾਬ ਕੋਰ ਗਰੁੱਪ ਦੀ ਅਹਿਮ ਮੀਟਿੰਗ, ਅਮਿਤ ਸ਼ਾਹ ਸਮੇਤ ਕਈ ਵੱਡੇ ਆਗੂ ਹੋਣਗੇ ਸ਼ਾਮਲ
ਪੰਜਾਬ ਵਿੱਚ ਬਦਲਦੇ ਸਿਆਸੀ ਹਾਲਾਤਾਂ ਅਤੇ ਆਗਾਮੀ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੀ ਰਣਨੀਤੀ ਤੇਜ਼ ਕਰ ਦਿੱਤੀ ਹੈ। ਅੱਜ ਦਿੱਲੀ ਵਿਖੇ ਭਾਜਪਾ ਪੰਜਾਬ ਕੋਰ ਗਰੁੱਪ ਦੀ ਇੱਕ ਅਹਿਮ ਮੀਟਿੰਗ ਤੁਰੰਤ ਬੁਲਾਈ ਗਈ ਹੈ।
ਇਸ ਮੀਟਿੰਗ ਵਿੱਚ ਭਾਜਪਾ ਦੇ ਕਈ ਦਿੱਗਜ ਆਗੂਆਂ ਦੇ ਸ਼ਾਮਲ ਹੋਣ ਦੀ ਜਾਣਕਾਰੀ ਹੈ। ਸੂਤਰਾਂ ਮੁਤਾਬਕ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਨਿਤਿਨ ਨਬੀਨ ਅਤੇ ਬੀ.ਐੱਲ. ਸੰਤੋਸ਼ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਪੰਜਾਬ ਭਾਜਪਾ ਦੇ ਸੰਗਠਨ ਮਹਾਂਮੰਤਰੀ ਸ੍ਰੀਨਿਵਾਸੁਲੂ ਅਤੇ ਪੰਜਾਬ ਦੇ ਸੀਨੀਅਰ ਆਗੂਆਂ ਵੱਲੋਂ ਵੀ ਇਸ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਮੀਟਿੰਗ ਵਿੱਚ ਪੰਜਾਬ ਭਾਜਪਾ ਦੇ ਪ੍ਰਮੁੱਖ ਆਗੂਆਂ ਵਿੱਚੋਂ ਸੁਨੀਲ ਜਾਖੜ ਅਤੇ ਕੇਵਲ ਸਿੰਘ ਢਿੱਲੋਂ ਆਦਿ ਦੇ ਵੀ ਸ਼ਾਮਲ ਹੋਣ ਦਾ ਜ਼ਿਕਰ ਹੈ।
ਪ੍ਰਦੇਸ਼ ਪ੍ਰਧਾਨ ਵਜੋਂ ਕੇਵਲ ਸਿੰਘ ਢਿੱਲੋਂ ਦੀ ਪਹਿਲੀ ਬੈਠਕ
ਇਹ ਮੀਟਿੰਗ ਇਸ ਲਈ ਵੀ ਵਿਸ਼ੇਸ਼ ਹੈ ਕਿਉਂਕਿ ਪੰਜਾਬ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਬਣਨ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਦੀ ਕੇਂਦਰੀ ਲੀਡਰਸ਼ਿਪ ਨਾਲ ਇਹ ਪਹਿਲੀ ਰਸਮੀ ਬੈਠਕ ਹੋਵੇਗੀ। ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਸਿੱਧੇ ਦਿੱਲੀ ਰਵਾਨਾ ਹੋ ਗਏ ਹਨ।
ਕੌਣ-ਕੌਣ ਹੋਵੇਗਾ ਸ਼ਾਮਲ?
ਇਸ ਬੈਠਕ ਵਿੱਚ ਪਾਰਟੀ ਦੇ ਸੰਗਠਨ ਜਨਰਲ ਸਕੱਤਰ, ਸੂਬਾ ਜਨਰਲ ਸਕੱਤਰ ਅਤੇ ਕਈ ਸੀਨੀਅਰ ਆਗੂ ਹਿੱਸਾ ਲੈਣਗੇ। ਤਲਬ ਕੀਤੇ ਗਏ ਪ੍ਰਮੁੱਖ ਆਗੂਆਂ ਵਿੱਚ ਕੇਵਲ ਸਿੰਘ ਢਿੱਲੋਂ, ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਸ਼ਵੇਤ ਮਲਿਕ, ਅਵਿਨਾਸ਼ ਰਾਏ ਖੰਨਾ, ਅਨਿਲ ਸਰੀਨ, ਵਿਜੇ ਸਾਂਪਲਾ ਅਤੇ ਮਨੋਰੰਜਨ ਕਾਲੀਆ ਦੇ ਨਾਮ ਸ਼ਾਮਲ ਹਨ।
ਮੀਟਿੰਗ ਦੇ ਮੁੱਖ ਏਜੰਡੇ:
ਸਿਆਸੀ ਸਥਿਤੀ: ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ 'ਤੇ ਡੂੰਘਾਈ ਨਾਲ ਚਰਚਾ ਕੀਤੀ ਜਾਵੇਗੀ।
ਪਾਰਟੀ ਰਣਨੀਤੀ: ਆਉਣ ਵਾਲੇ ਸਮੇਂ ਲਈ ਪਾਰਟੀ ਦੀ ਰਣਨੀਤੀ ਅਤੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ 'ਤੇ ਵਿਚਾਰ-ਵਟਾਂਦਰਾ ਹੋਵੇਗਾ।
ਆਉਣ ਵਾਲੀਆਂ ਚੋਣਾਂ: ਭਵਿੱਖ ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਦੀ ਤਿਆਰੀ ਅਤੇ ਰੂਪ-ਰੇਖਾ ਤਿਆਰ ਕੀਤੀ ਜਾ ਸਕਦੀ ਹੈ।