ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਫਾਸਟੈਗ ਐਨੁਅਲ (ਸਲਾਨਾ) ਪਾਸ ਦੇ ਨਿਯਮਾਂ ਵਿੱਚ ਵੱਡਾ ਸੁਧਾਰ ਕੀਤਾ ਹੈ। ਅੱਜ ਤੋਂ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਸਥਾਨਕ ਲੋਕਾਂ ਲਈ ਨਵੇਂ ਰਿਆਇਤੀ ਸਲਾਨਾ ਪਾਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਵੇਂ ਨਿਯਮ ਤਹਿਤ ਨਗਰ ਨਿਗਮ ਜਾਂ ਸਥਾਨਕ ਕਸਬੇ ਦੀ ਸੀਮਾ ਤੋਂ ਬਾਹਰ ਸਥਿਤ ਟੋਲ ਪਲਾਜ਼ਾ ਲਈ ਸਲਾਨਾ ਫੀਸ 1,500 ਰੁਪਏ ਅਤੇ ਸ਼ਹਿਰੀ ਜਾਂ ਸਥਾਨਕ ਨਿਗਮ ਦੀ ਸੀਮਾ ਦੇ ਅੰਦਰ ਸਥਿਤ ਟੋਲ ਪਲਾਜ਼ਾ ਲਈ 3,000 ਰੁਪਏ ਤੈਅ ਕੀਤੀ ਗਈ ਹੈ।
ਮੌਜੂਦਾ ਮਹੀਨਾਵਾਰ ਪਾਸ, ਜਿਸ ਦਾ ਖਰਚਾ ਸਾਲਾਨਾ ਲਗਭਗ 4,320 ਰੁਪਏ ਤੱਕ ਆਉਂਦਾ ਸੀ, ਦੀ ਤੁਲਨਾ ਵਿੱਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਪੈਸਿਆਂ ਦੀ ਵੱਡੀ ਬੱਚਤ ਹੋਵੇਗੀ। ਹਾਲਾਂਕਿ, ਇਸ ਸੁਵਿਧਾ ਦਾ ਲਾਭ ਲੈਣ ਲਈ ਵਾਹਨ ਦਾ ਨਿੱਜੀ (Personal) ਵਰਤੋਂ ਲਈ ਰਜਿਸਟਰਡ ਹੋਣਾ ਅਤੇ ਉਸ 'ਤੇ ਐਕਟਿਵ ਫਾਸਟੈਗ (FASTag) ਲੱਗਾ ਹੋਣਾ ਲਾਜ਼ਮੀ ਹੈ।
1500 ਅਤੇ 3000 ਰੁਪਏ ਦੇ ਨਿਯਮ ਨੂੰ ਸਮਝੋ
₹1,500 ਸਲਾਨਾ ਫੀਸ: ਇਹ ਫੀਸ ਉਦੋਂ ਲਾਗੂ ਹੁੰਦੀ ਹੈ, ਜਦੋਂ ਟੋਲ ਪਲਾਜ਼ਾ ਕਿਸੇ ਨਗਰ ਨਿਗਮ ਜਾਂ ਸਥਾਨਕ ਨਗਰ ਖੇਤਰ ਦੀ ਸੀਮਾ ਤੋਂ ਬਾਹਰ ਸਥਿਤ ਹੋਵੇ।
₹3,000 ਸਲਾਨਾ ਫੀਸ: ਇਹ ਫੀਸ ਉਦੋਂ ਲਾਗੂ ਹੁੰਦੀ ਹੈ, ਜਦੋਂ ਟੋਲ ਪਲਾਜ਼ਾ ਕਿਸੇ ਨਗਰ ਨਿਗਮ ਜਾਂ ਸਥਾਨਕ ਨਗਰ ਖੇਤਰ ਦੀ ਸੀਮਾ ਦੇ ਅੰਦਰ ਸਥਿਤ ਹੋਵੇ।
ਨੈਸ਼ਨਲ ਹਾਈਵੇਅ ਜਾਂ ਐਕਸਪ੍ਰੈਸਵੇਅ 'ਤੇ ਲਾਗੂ ਨਹੀਂ ਹੋਵੇਗਾ ਪਾਸ
ਯਾਦ ਰਹੇ ਕਿ ਇਹ ਸੁਵਿਧਾ ਉਨ੍ਹਾਂ ਨੈਸ਼ਨਲ ਹਾਈਵੇਅ ਜਾਂ ਐਕਸਪ੍ਰੈਸਵੇਅ 'ਤੇ ਲਾਗੂ ਨਹੀਂ ਹੋਵੇਗੀ, ਜਿੱਥੇ ਟੋਲ ਉਗਰਾਹੀ ਲਈ ਕਲੋਜ਼ਡ ਯੂਜ਼ਰ ਫੀਸ ਸਿਸਟਮ (Closed User Fee System) ਲਾਗੂ ਹੈ। ਇਸ ਤੋਂ ਇਲਾਵਾ, ਜੇਕਰ ਸਥਾਨਕ ਨਿਵਾਸੀਆਂ ਲਈ ਕੋਈ ਸਰਵਿਸ ਰੋਡ ਜਾਂ ਬਦਲਵਾਂ ਰਸਤਾ (Alternative Route) ਉਪਲਬਧ ਹੈ, ਤਾਂ ਵੀ ਉਹ ਇਸ ਸੁਵਿਧਾ ਦਾ ਲਾਭ ਨਹੀਂ ਲੈ ਸਕਣਗੇ। ਯਾਨੀ ਰਿਆਇਤ ਪ੍ਰਾਪਤ ਕਰਨ ਲਈ ਕੋਈ ਬਦਲਵਾਂ ਰਸਤਾ ਨਾ ਹੋਣਾ ਇੱਕ ਮੁੱਖ ਸ਼ਰਤ ਹੈ।
ਹਰ ਟੋਲ ਪਲਾਜ਼ਾ 'ਤੇ ਨਹੀਂ ਮਿਲੇਗੀ ਛੋਟ
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਲਾਨਾ ਪਾਸ 'ਤੇ ਮਿਲਣ ਵਾਲੀ ਇਹ ਛੋਟ ਸਿਰਫ਼ ਉਸੇ ਖਾਸ ਟੋਲ ਪਲਾਜ਼ਾ 'ਤੇ ਮਿਲੇਗੀ, ਜਿਸ ਲਈ ਪਾਸ ਜਾਰੀ ਕੀਤਾ ਗਿਆ ਹੈ। ਤੁਸੀਂ ਇਸ ਪਾਸ ਨੂੰ ਹਰੇਕ ਟੋਲ ਪਲਾਜ਼ਾ 'ਤੇ ਵਰਤ ਨਹੀਂ ਸਕਦੇ। ਮੰਤਰਾਲੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਲਾਨਾ ਪਾਸ ਦੀਆਂ ਦਰਾਂ ਵਿੱਚ ਹਰ ਸਾਲ 1 ਅਪ੍ਰੈਲ ਨੂੰ ਸੋਧ ਕੀਤੀ ਜਾਵੇਗੀ।