Sunday, 11th of January 2026

ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਸ਼ਹੀਦ ਹੋਇਆ ਪੰਜਾਬ ਦਾ ਪੁੱਤ

Reported by: GTC News Desk  |  Edited by: Gurjeet Singh  |  January 04th 2026 01:40 PM  |  Updated: January 04th 2026 03:56 PM
ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਸ਼ਹੀਦ ਹੋਇਆ ਪੰਜਾਬ ਦਾ ਪੁੱਤ

ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਸ਼ਹੀਦ ਹੋਇਆ ਪੰਜਾਬ ਦਾ ਪੁੱਤ

ਅਨੰਤਨਾਗ:-  ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਭਾਰਤੀ ਫੌਜ ਦੇ ਨਾਇਬ ਸੂਬੇਦਾਰ ਪ੍ਰਗਟ ਸਿੰਘ ਦੇ ਸ਼ਹੀਦ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਨਾਲ ਨਾ ਸਿਰਫ਼ ਫੌਜੀ ਪਰਿਵਾਰ, ਸਗੋਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। 31 ਸਾਲਾ ਸ਼ਹੀਦ ਸੈਨਿਕ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਮਦਾਸ ਖੇਤਰ ਦੇ ਰਹਿਣ ਵਾਲੇ ਸਨ ਅਤੇ ਉਹ 19 ਨੈਸ਼ਨਲ ਰਾਈਫ਼ਲਜ਼ ਵਿੱਚ ਤਾਇਨਾਤ ਸਨ।

ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ 

ਪ੍ਰਾਪਤ ਜਾਣਕਾਰੀ ਮੁਤਾਬਕ ਨਾਇਬ ਸੂਬੇਦਾਰ ਪ੍ਰਗਟ ਸਿੰਘ ਡਿਊਟੀ ਨਿਭਾਉਂਦੇ ਸਮੇਂ ਸ਼ਹੀਦ ਹੋ ਗਏ। ਉਹ 23 ਦਸੰਬਰ 2015 ਨੂੰ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ ਅਤੇ ਤਦੋਂ ਤੋਂ ਦੇਸ਼ ਦੀ ਸੇਵਾ ਪੂਰੀ ਨਿਸ਼ਠਾ ਅਤੇ ਬਹਾਦਰੀ ਨਾਲ ਕਰ ਰਹੇ ਸਨ। ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ 

ਸ਼ਹੀਦ ਪ੍ਰਗਟ ਸਿੰਘ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਮਾਤਾ-ਪਿਤਾ, ਪਤਨੀ ਅਤੇ ਦੋ ਛੋਟੇ ਬੱਚੇ ਹਨ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਪਿੰਡ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕ ਸ਼ਹੀਦ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ। 

ਜਾਣਕਾਰੀ ਅਨੁਸਾਰ ਸ਼ਹੀਦ ਸੈਨਿਕ ਦਾ ਪਾਰਥਿਵ ਸਰੀਰ ਸ਼ਾਮ ਤੱਕ ਉਨ੍ਹਾਂ ਦੇ ਪੈਤ੍ਰਿਕ ਪਿੰਡ ਰਾਮਦਾਸ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਪ੍ਰਸ਼ਾਸਨ ਅਤੇ ਫੌਜ ਵੱਲੋਂ ਇਸ ਸੰਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਸ਼ਹਾਦਤ ਨੂੰ ਸਲਾਮ

ਦੇਸ਼ ਨੇ ਇੱਕ ਹੋਰ ਜਵਾਨ ਸਪੂਤ ਗੁਆ ਦਿੱਤਾ ਹੈ, ਪਰ ਨਾਇਬ ਸੂਬੇਦਾਰ ਪ੍ਰਗਟ ਸਿੰਘ ਦੀ ਕੁਰਬਾਨੀ ਸਦਾ ਯਾਦ ਰੱਖੀ ਜਾਵੇਗੀ। ਉਨ੍ਹਾਂ ਦੀ ਸ਼ਹਾਦਤ ਨੂੰ ਪੂਰਾ ਦੇਸ਼ ਸਲਾਮ ਕਰਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ 'X' 'ਤੇ ਪੋਸਟ ਕਰ ਕੇ ਦੁੱਖ ਸਾਂਝਾ ਕੀਤਾ ਹੈ, ਮੁੱਖ ਮੰਤਰੀ ਮਾਨ ਕਿਹਾ ਕਿ ਸ਼ਹੀਦ ਜਵਾਨ ਦੇ ਦੇਸ਼ ਖ਼ਾਤਿਰ ਹੌਸਲੇ ਤੇ ਜਜ਼ਬੇ ਨੂੰ ਦਿਲੋਂ ਸਲਾਮ ਕਰਦੇ ਹਾਂ। ਨਾਲ ਹੀ ਪਰਿਵਾਰ ਨਾਲ ਦਿਲੋਂ ਹਮਦਰਦੀ। ਔਖੇ ਸਮੇਂ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹੈ। ਹਰ ਸੰਭਵ ਸਹਾਇਤਾ ਪਰਿਵਾਰ ਨੂੰ ਦਿੱਤੀ ਜਾਵੇਗੀ।