ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਇਤਰਾਜ਼ਯੋਗ ਨਾਅਰੇਬਾਜ਼ੀ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ FIR ਦਰਜ ਕਰ ਲਈ ਹੈ। ਇਹ FIR ਬੁੱਧਵਾਰ ਰਾਤ ਨੂੰ JNU ਦੇ ਸਾਬਰਮਤੀ ਹੋਸਟਲ ਦੇ ਬਾਹਰ ਵਾਪਰੀ ਘਟਨਾ ਸਬੰਧੀ ਦਰਜ ਕੀਤੀ ਗਈ। ਮਾਮਲੇ ਦੀ ਸ਼ਿਕਾਇਤ ਯੂਨੀਵਰਸਿਟੀ ਦੇ ਮੁੱਖ ਸੁਰੱਖਿਆ ਅਧਿਕਾਰੀ (CSO) ਵੱਲੋਂ ਦਿੱਤੀ ਗਈ ਸੀ।
ਪੁਲਿਸ ਰਿਪੋਰਟ ਮੁਤਾਬਕ ਘਟਨਾ ਸਮੇਂ ਮੌਕੇ ’ਤੇ ਕਰੀਬ 30 ਤੋਂ 35 ਵਿਦਿਆਰਥੀ ਮੌਜੂਦ ਸਨ। ਸ਼ੁਰੂਆਤ ਵਿੱਚ ਸਮਾਗਮ ਸ਼ਾਂਤੀਪੂਰਨ ਰਿਹਾ, ਪਰ ਜਦੋਂ 2020 ਦੇ ਦਿੱਲੀ ਦੰਗਿਆਂ ਦੀ ਸਾਜ਼ਿਸ਼ ਮਾਮਲੇ ਵਿੱਚ ਦੋਸ਼ੀ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਨਾ ਮਿਲਣ ਦੀ ਗੱਲ ਸਾਹਮਣੇ ਆਈ, ਤਾਂ ਮਾਹੌਲ ਗਰਮ ਹੋ ਗਿਆ ਅਤੇ ਭੜਕਾਊ ਨਾਅਰੇਬਾਜ਼ੀ ਸ਼ੁਰੂ ਹੋ ਗਈ। CSO ਵੱਲੋਂ ਕੁਝ ਵਿਦਿਆਰਥੀਆਂ ਦੀ ਪਛਾਣ ਵੀ ਕੀਤੀ ਗਈ ਹੈ, ਜਿਸ ਦੇ ਆਧਾਰ ’ਤੇ ਪੁਲਿਸ ਜਾਂਚ ਅੱਗੇ ਵਧਾ ਰਹੀ ਹੈ।
ਦਰਅਸਲ 6 ਜਨਵਰੀ ਨੂੰ ਇੱਕ 35 ਸਕਿੰਟ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ 5 ਜਨਵਰੀ ਦੀ ਰਾਤ JNU ਵਿੱਚ “ਮੋਦੀ-ਸ਼ਾਹ ਦੀ ਕਬਰ JNU ਦੀ ਮਿੱਟੀ ’ਤੇ ਪੁੱਟੀ ਜਾਵੇਗੀ” ਵਰਗੇ ਨਾਅਰੇ ਲਗਾਏ ਗਏ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ JNU ਪ੍ਰਬੰਧਨ ਨੇ ਵੀ FIR ਦਰਜ ਕਰਨ ਦੀ ਮੰਗ ਕੀਤੀ ਸੀ।
ਇਸ ਮਾਮਲੇ ’ਤੇ ਸਿਆਸਤ ਵੀ ਗਰਮਾ ਗਈ ਹੈ। ਭਾਜਪਾ ਦੇ ਬੁਲਾਰੇ ਪ੍ਰਦੀਪ ਭੰਡਾਰੀ ਨੇ ਆਰੋਪ ਲਗਾਇਆ ਕਿ ਇਹ ਪ੍ਰਦਰਸ਼ਨ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਦੇ ਸਮਰਥਨ ਵਿੱਚ ਕੀਤਾ ਗਿਆ ਅਤੇ ਇਸਨੂੰ ਦੇਸ਼ ਵਿਰੋਧੀ ਵਿਚਾਰਧਾਰਾ ਦਾ ਪ੍ਰਸਾਰ ਕਰਾਰ ਦਿੱਤਾ। ਉੱਥੇ ਹੀ ਕਾਂਗਰਸ ਨੇ ਕਿਹਾ ਕਿ ਇਹ ਵਿਦਿਆਰਥੀਆਂ ਵੱਲੋਂ ਆਪਣਾ ਗੁੱਸਾ ਜ਼ਾਹਰ ਕਰਨ ਦਾ ਤਰੀਕਾ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।