ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ 9 ਜਨਵਰੀ ਦੀ ਸਵੇਰ ਇੱਕ ਭਿਆਨਕ ਸੜਕ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਰਾਲਾਮੰਡਲ ਨੇੜੇ ਤੇਜਾਜੀ ਨਗਰ ਬਾਈਪਾਸ ‘ਤੇ ਇੱਕ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਸਾਬਕਾ ਗ੍ਰਹਿ ਮੰਤਰੀ ਅਤੇ ਬਰਵਾਨੀ ਜ਼ਿਲ੍ਹੇ ਦੇ ਰਾਜਪੁਰ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਕਾਂਗਰਸ ਵਿਧਾਇਕ ਬਾਲਾ ਬੱਚਨ ਦੀ ਧੀ ਪ੍ਰੇਰਨਾ ਸਮੇਤ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਕੁੜੀ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਈ।
ਪੁਲਿਸ ਅਨੁਸਾਰ ਹਾਦਸਾ ਸਵੇਰੇ ਲਗਭਗ 5 ਵਜੇ ਵਾਪਰਿਆ। ਕਾਰ ਵਿੱਚ ਪ੍ਰੇਰਨਾ ਬੱਚਨ ਤੋਂ ਇਲਾਵਾ ਪ੍ਰਖਰ ਕਾਸਲੀਵਾਲ, ਮਾਨ ਸੰਧੂ ਅਤੇ ਅਨੁਸ਼ਕਾ ਨਾਮ ਦੀ ਇੱਕ ਕੁੜੀ ਸਵਾਰ ਸਨ। ਸੂਤਰਾਂ ਅਨੁਸਾਰ, ਪ੍ਰਖਰ ਦਾ ਜਨਮਦਿਨ ਸੀ ਅਤੇ ਸਾਰੇ ਨੌਜਵਾਨ ਪਿਛਲੀ ਰਾਤ ਇੱਕ ਪਾਰਟੀ ਤੋਂ ਵਾਪਸ ਆ ਰਹੇ ਸਨ। ਕਾਰ ਪ੍ਰਖਰ ਕਾਸਲੀਵਾਲ ਚਲਾ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਦਿੱਖ ਘੱਟ ਹੋਣ ਨਾਲ ਕਾਰ ਅਚਾਨਕ ਇੱਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਪ੍ਰੇਰਨਾ ਬੱਚਨ, ਪ੍ਰਖਰ ਕਾਸਲੀਵਾਲ ਅਤੇ ਮਾਨ ਸੰਧੂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਅਨੁਸ਼ਕਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ। ਸਾਬਕਾ ਮੰਤਰੀ ਬਾਲਾ ਬੱਚਨ ਨੂੰ ਵੀ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਦਰਦਨਾਕ ਹਾਦਸੇ ਦੀ ਸੂਚਨਾ ਹੋਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੀ ਦੇ ਦਿੱਤੀ ਗਈ ਹੈ।
ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।