ਹਿਮਾਚਲ ਪ੍ਰਦੇਸ਼: ਸੋਲਨ ਜ਼ਿਲ੍ਹੇ ਦੇ ਪਰਵਾਣੂ ਇਲਾਕੇ ਵਿੱਚ ਇੱਕ ਦਰਦਨਾਕ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਹਰਿਆਣਾ ਦੇ ਪੰਜ ਤੋਂ ਛੇ ਨੌਜਵਾਨਾਂ ਵੱਲੋਂ ਇੱਕ ਟੈਕਸੀ ਡਰਾਈਵਰ ‘ਤੇ ਬੇਰਹਿਮੀ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਡਰਾਈਵਰ ਨੂੰ ਲਾਠੀਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਕੁੱਟਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਡਰਾਈਵਰ ਦੀ ਪਹਿਚਾਣ ਈਸ਼ਾਨ ਵਜੋਂ ਹੋਈ ਹੈ। ਹਮਲੇ ਤੋਂ ਬਾਅਦ ਉਸਨੂੰ ਤੁਰੰਤ ਪਰਵਾਣੂ ਦੇ ਈਐਸਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਡਾਕਟਰਾਂ ਮੁਤਾਬਕ ਈਸ਼ਾਨ ਦੀ ਲੱਤ ਵਿੱਚ ਕਈ ਥਾਵਾਂ ‘ਤੇ ਫ੍ਰੈਕਚਰ ਹੋਏ ਹਨ ਅਤੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਇਹ ਵਾਰਦਾਤ ਬੁੱਧਵਾਰ ਰਾਤ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਹੁਣ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਹਮਲਾਵਰ ਡਰਾਈਵਰ ਦੀਆਂ ਲੱਤਾਂ ਫੜ ਕੇ ਰੱਖਦਾ ਹੈ, ਜਦਕਿ ਹੋਰ ਨੌਜਵਾਨ ਡੰਡਿਆਂ ਅਤੇ ਰਾਡਾਂ ਨਾਲ ਉਸ ਦੀਆਂ ਲੱਤਾਂ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਲਗਾਤਾਰ ਵਾਰ ਕਰਦੇ ਹਨ। ਇਸ ਦੌਰਾਨ ਡਰਾਈਵਰ ਈਸ਼ਾਨ ਦਰਦ ਨਾਲ ਚੀਖਦਾ ਹੋਇਆ ਮਦਦ ਦੀ ਗੁਹਾਰ ਲਗਾਉਂਦਾ ਹੈ, ਪਰ ਮੌਕੇ ‘ਤੇ ਮੌਜੂਦ ਕੋਈ ਵੀ ਵਿਅਕਤੀ ਉਸਦੀ ਮਦਦ ਲਈ ਅੱਗੇ ਨਹੀਂ ਆਉਂਦਾ।
ਪੁਲਿਸ ਵੱਲੋਂ ਮਾਮਲਾ ਦਰਜ, ਜਾਂਚ ਜਾਰੀ
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਵਾਣੂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਵੀਡੀਓ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਾਰੰਭਿਕ ਜਾਣਕਾਰੀ ਅਨੁਸਾਰ ਹਮਲਾਵਰ ਹਰਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਹਾਲਾਂਕਿ ਹਮਲੇ ਦੇ ਕਾਰਨਾਂ ਬਾਰੇ ਹਜੇ ਤੱਕ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਵਿੱਚ ਗੁੱਸਾ ਵੇਖਿਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।