ਹਰਿਆਣਾ: ਨਾਰਨੌਲ 'ਚ ਬੁੱਧਵਾਰ ਦੇਰ ਰਾਤ ਇੱਕ ਰੂਹ ਕੰਬਾਊ ਸੜਕ ਹਾਦਸਾ ਵਾਪਰ ਗਿਆ। ਨੈਸ਼ਨਲ ਹਾਈਵੇਅ ਨੰਬਰ 152-D 'ਤੇ ਟੋਲ ਪਲਾਜ਼ਾ ਤੋਂ ਪਹਿਲਾਂ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਸਵਾਰ ਤਿੰਨੋਂ ਵਿਅਕਤੀ ਬਾਹਰ ਨਹੀਂ ਨਿਕਲ ਸਕੇ। ਦੇਖਦੇ ਹੀ ਦੇਖਦੇ ਪੂਰੀ ਕਾਰ ਅੱਗ ਦੇ ਲਪੇਟ ਵਿੱਚ ਆ ਗਈ ਅਤੇ ਕਾਰ ਵਿੱਚ ਸਵਾਰ ਤਿੰਨਾਂ ਵਿਅਕਤੀਆਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਤਿੰਨੋਂ ਵਿਅਕਤੀ ਰਾਤ ਕਰੀਬ ਢਾਈ ਵਜੇ ਕਾਰ ਵਿੱਚ ਸਵਾਰ ਹੋ ਕੇ ਕਿਸੇ ਕੰਮ ਤੋਂ ਵਾਪਸ ਆ ਰਹੇ ਸਨ। ਇਸੇ ਦੌਰਾਨ ਪਿੱਛੋਂ ਆਏ ਕੈਂਟਰ ਨੇ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕਾਰ ਅਤੇ ਕੈਂਟਰ ਦੋਵਾਂ ਨੂੰ ਅੱਗ ਲੱਗ ਗਈ। ਕੈਂਟਰ ਚਾਲਕ ਗੱਡੀ ਤੋਂ ਕੁੱਦ ਕੇ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਕਾਰ ਵਿੱਚ ਫਸੇ ਤਿੰਨੋਂ ਲੋਕਾਂ ਦੀ ਸੜ ਕੇ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ, ਪੁਲਿਸ ਅਤੇ ਐਂਬੂਲੈਂਸ ਮੌਕੇ 'ਤੇ ਪਹੁੰਚੀ। ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ ਅਤੇ ਤਿੰਨਾਂ ਲਾਸ਼ਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ। ਹਾਦਸੇ ਵਿੱਚ ਪਿੰਡ ਜਾਨ ਗਵਾਉਣ ਵਾਲਿਆਂ ਦੀ ਪਹਿਚਾਨ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਐਡਵੋਕੇਟ ਰਾਜਕੁਮਾਰ ਯਦੂਵੰਸ਼ੀ, ਕੱਪੜਾ ਵਪਾਰੀ ਰਵੀਦੱਤ ਉਰਫ਼ ਦਾਰਾ ਸਿੰਘ ਅਤੇ ਟੈਕਸੀ ਡਰਾਈਵਰ ਪ੍ਰਵੀਨ ਉਰਫ਼ ਪੌਮੀ ਦੇ ਵਜੋਂ ਹੋਈ ਹੈ। ਤਿੰਨੋਂ ਵਿਅਕਤੀ ਨੀਰਪੁਰ ਦੇ ਰਹਿਣ ਵਾਲੇ ਸਨ।
ਮ੍ਰਿਤਕ ਰਾਜਕੁਮਾਰ ਯਦੂਵੰਸ਼ੀ ਪੇਸ਼ੇ ਤੋਂ ਵਕੀਲ ਸਨ ਅਤੇ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਹਿ ਚੁੱਕੇ ਸਨ। ਰਵੀਦੱਤ ਦਾ ਨਾਰਨੌਲ ਵਿੱਚ ਸੁਭਾਸ਼ ਪਾਰਕ ਦੇ ਸਾਹਮਣੇ ਕੱਪੜੇ ਦਾ ਵੱਡਾ ਸ਼ੋਅਰੂਮ ਹੈ ਅਤੇ ਪ੍ਰਵੀਨ ਟੈਕਸੀ ਚਾਲਕ ਸੀ।
ਕੈਂਟਰ ਦੇ ਡਰਾਈਵਰ ਦੀ ਭਾਲ ਜਾਰੀ
ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਾਂਚ ਵਿੱਚ ਹਾਦਸੇ ਦਾ ਕਾਰਨ ਕੈਂਟਰ ਚਾਲਕ ਦੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਸਾਹਮਣੇ ਆਈ ਹੈ। ਕੈਂਟਰ ਦੇ ਡਰਾਈਵਰ ਦੀ ਭਾਲ ਜਾਰੀ ਹੈ।