Trending:
ਲੇਹ ਲੱਦਾਖ ਤੋਂ ਲੈ ਕੇ ਦਿੱਲੀ ਤੱਕ ਭੂਚਾਲ ਦੇ ਝਟਕਿਆਂ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਧਰਤੀ ਹਿਲਣ ਕਾਰਨ ਲੋਕ ਆਪਣੇ ਘਰਾਂ, ਦਫ਼ਤਰਾਂ ਅਤੇ ਦੁਕਾਨਾਂ ਤੋਂ ਬਾਹਰ ਨਿਕਲ ਆਏ। ਸਭ ਤੋਂ ਵੱਧ ਅਸਰ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਲੇਹ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਭੂਚਾਲ ਦੀ ਤੀਬਰਤਾ ਜ਼ਿਆਦਾ ਮਹਿਸੂਸ ਕੀਤੀ ਗਈ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 5.7 ਦਰਜ ਕੀਤੀ ਗਈ। ਭੂਚਾਲ ਦਾ ਕੇਂਦਰ ਲੱਦਾਖ ਦੇ ਲੇਹ ਇਲਾਕੇ ਵਿੱਚ ਧਰਤੀ ਦੇ ਅੰਦਰ ਗਹਿਰਾਈ ਵਿੱਚ ਸੀ। ਭੂਚਾਲ ਦੇ ਝਟਕੇ ਇੰਨੇ ਸ਼ਕਤੀਸ਼ਾਲੀ ਸਨ ਕਿ ਉਨ੍ਹਾਂ ਦਾ ਅਸਰ ਜੰਮੂ-ਕਸ਼ਮੀਰ ਦੀਆਂ ਘਾਟੀਆਂ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਤੱਕ ਮਹਿਸੂਸ ਕੀਤਾ ਗਿਆ। ਕਈ ਥਾਵਾਂ ’ਤੇ ਲੋਕਾਂ ਨੇ ਦੱਸਿਆ ਕਿ ਇਮਾਰਤਾਂ ਹਿੱਲਦੀਆਂ ਨਜ਼ਰ ਆਈਆਂ ਅਤੇ ਘਰਾਂ ਵਿੱਚ ਰੱਖਿਆ ਸਮਾਨ ਹਿਲਣ ਲੱਗ ਪਿਆ। ਲੇਹ, ਕਾਰਗਿਲ, ਸ੍ਰੀਨਗਰ, ਗੰਦਰਬਲ, ਬਾਰਾਮੂਲਾ ਸਮੇਤ ਕਈ ਇਲਾਕਿਆਂ ਵਿੱਚ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ।
ਦਿੱਲੀ-ਐਨਸੀਆਰ ਵਿੱਚ ਹਲਕੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਵਸਨੀਕਾਂ ਵਿੱਚ ਥੋੜ੍ਹੀ ਦੇਰ ਲਈ ਦਹਿਸ਼ਤ ਫੈਲ ਗਈ। ਸਵੇਰੇ 8:44 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 2.8 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ (ਐਨਸੀਐਸ) ਦੇ ਅਨੁਸਾਰ, ਭੂਚਾਲ ਦਾ ਕੇਂਦਰ ਉੱਤਰੀ ਦਿੱਲੀ ਵਿੱਚ ਸਥਿਤ ਸੀ। ਭੂਚਾਲ ਦੀ ਡੂੰਘਾਈ ਲਗਭਗ 5 ਕਿਲੋਮੀਟਰ ਹੋਣ ਦਾ ਅਨੁਮਾਨ ਹੈ। ਭੂਚਾਲ ਕਾਰਨ ਬਹੁਮੰਜ਼ਿਲਾ ਇਮਾਰਤਾਂ ਵਿੱਚ ਰਹਿਣ ਵਾਲੇ ਲੋਕ ਖ਼ਾਸ ਤੌਰ ’ਤੇ ਘਬਰਾਏ ਹੋਏ ਨਜ਼ਰ ਆਏ।

ਹਾਲਾਂਕਿ, ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਪ੍ਰਸ਼ਾਸਨ ਵੱਲੋਂ ਸਾਰੇ ਪ੍ਰਭਾਵਿਤ ਇਲਾਕਿਆਂ ਵਿੱਚ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਰਾਹਤ ਅਤੇ ਬਚਾਅ ਟੀਮਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ।