ਦਿੱਲੀ ਦੇ ਦਵਾਰਕਾ ਇਲਾਕੇ ਵਿੱਚ ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਅਤੇ ਬਦਮਾਸ਼ਾ ਵਿਚਾਲੇ ਮੁਠਭੇੜ ਹੋਈ। ਐਨਕਾਊਂਟਰ ਦੌਰਾਨ ਦੋ ਬਦਮਾਸ਼ਾਂ ਦੇ ਪੈਰਾਂ ਵਿੱਚ ਗੋਲੀ ਲੱਗੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਦੋਵਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਕਰਾਈਮ ਬ੍ਰਾਂਚ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਦੋਵੇਂ ਬਦਮਾਸ਼ ਆਇਆ ਨਗਰ ਇਲਾਕੇ ਵਿੱਚ ਹੋਈ ਉਸ ਵੱਡੀ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸਨ, ਜਿਸ ਨੇ ਪੂਰੇ ਦਿੱਲੀ-ਐਨਸੀਆਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਘਟਨਾ ਦੌਰਾਨ ਲਗਭਗ 69 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿੱਚ ਇੱਕ ਸਥਾਨਕ ਵਪਾਰੀ ਰਤਨ ਲਾਲ ਦੀ ਮੌਤ ਹੋ ਗਈ ਸੀ। ਇਹ ਘਟਨਾ 30 ਨਵੰਬਰ 2025 ਨੂੰ ਵਾਪਰੀ ਸੀ ਅਤੇ ਇਸ ਤੋਂ ਬਾਅਦ ਪੁਲਿਸ ਲਈ ਇਹ ਮਾਮਲਾ ਵੱਡੀ ਚੁਣੌਤੀ ਬਣ ਗਿਆ ਸੀ।
ਪੁਲਿਸ ਦਾ ਕਹਿਣਾ ਹੈ
ਕਿ ਰਤਨ ਲਾਲ ਦੀ ਹੱਤਿਆ ਸਾਜ਼ਿਸ਼ ਦੇ ਤਹਿਤ ਰਚੀ ਗਈ ਸੀ। ਘਟਨਾ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ ਸਨ ਅਤੇ ਲਗਾਤਾਰ ਆਪਣੀ ਥਾਂ ਬਦਲ ਰਹੇ ਸਨ ਤਾਂ ਜੋ ਪੁਲਿਸ ਦੀ ਪਕੜ ਤੋਂ ਬਚ ਸਕਣ। ਕਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਨੂੰ ਇਸ ਮਾਮਲੇ ਵਿੱਚ ਲਾਇਆ ਗਿਆ ਸੀ ਅਤੇ ਦਿੱਲੀ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਨਿਗਰਾਨੀ ਵਧਾ ਦਿੱਤੀ ਗਈ ਸੀ।
ਦੋਵੇਂ ਮੁਲਜ਼ਮ ਗ੍ਰਿਫਤਾਰ
ਮੁਖਬਿਰਾਂ ਤੋਂ ਮਿਲੀ ਪੱਕੀ ਸੂਚਨਾ ਦੇ ਆਧਾਰ ‘ਤੇ ਕਰਾਈਮ ਬ੍ਰਾਂਚ ਨੇ ਦਵਾਰਕਾ ਇਲਾਕੇ ਵਿੱਚ ਜਾਲ ਬਿਛਾਇਆ। ਜਦੋਂ ਪੁਲਿਸ ਨੇ ਦੋਵਾਂ ਅਪਰਾਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਮੁਠਭੇੜ ਹੋਈ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਦੋਵਾਂ ਅਪਰਾਧੀਆਂ ਦੇ ਪੈਰਾਂ ਵਿੱਚ ਗੋਲੀ ਲੱਗੀ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।
ਪੁਲਿਸ ਵੱਲੋਂ ਦੋਵਾਂ ਤੋਂ ਪੁੱਛਗਿੱਛ ਜਾਰੀ
ਪੁਲਿਸ ਹੁਣ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਸ ਗਿਰੋਹ ਨਾਲ ਜੁੜੇ ਹੋਰ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗ੍ਰਿਫ਼ਤਾਰੀ ਨਾਲ ਆਇਆ ਨਗਰ ਗੋਲੀਕਾਂਡ ਦੇ ਪੂਰੇ ਜਾਲ ਦਾ ਖੁਲਾਸਾ ਹੋ ਸਕਦਾ ਹੈ ਅਤੇ ਸ਼ਹਿਰ ਵਿੱਚ ਅਪਰਾਧ ‘ਤੇ ਕਾਬੂ ਪਾਉਣ ਵਿੱਚ ਮਦਦ ਮਿਲੇਗੀ।