ਦੇਸ਼ ਦੀ ਰਾਜਧਾਨੀ ਦਿਲੀ ’ਚ ਇੱਕ ਵਾਰ ਫਿਰ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਕਾਲ ਆਉਣ ਨਾਲ ਦਹਿਸ਼ਤ ਫੈਲ ਗਈ, ਜਿਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਤੁਰੰਤ ਐਮਰਜੈਂਸੀ ਪ੍ਰਤੀਕਿਰਿਆ ਦਿੱਤੀ ਗਈ। ਲਕਸ਼ਮੀ ਨਗਰ, ਮਯੂਰ ਵਿਹਾਰ ਅਤੇ ਰੋਹਿਣੀ ਵਿੱਚ ਸਥਿਤ ਸਕੂਲਾਂ ਨੂੰ ਇਹ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਪੁਲਿਸ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ।
ਅਧਿਕਾਰੀਆਂ ਮੁਤਾਬਕ, ਫਾਇਰ ਵਿਭਾਗ ਨੂੰ ਸਵੇਰੇ ਤੜਕਸਾਰ ਧਮਕੀ ਬਾਰੇ ਜਾਣਕਾਰੀ ਮਿਲੀ। ਪ੍ਰਭਾਵਿਤ ਸਕੂਲਾਂ ’ਚ ਕਈ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ, ਇਸ ਦੇ ਨਾਲ ਹੀ ਕਲਾਸਰੂਮਾਂ, ਗਲਿਆਰਿਆਂ, ਖੇਡ ਦੇ ਮੈਦਾਨਾਂ ਅਤੇ ਆਲੇ ਦੁਆਲੇ ਦੇ ਖੇਤਰਾਂ ਦੀ ਪੂਰੀ ਜਾਂਚ ਕੀਤੀ ਗਈ।
ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ, ਅਤੇ ਸਥਿਤੀ ਕਾਬੂ ਵਿੱਚ ਹੈ। ਹਾਲਾਂਕਿ, ਸੁਰੱਖਿਆ ਏਜੰਸੀਆਂ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ, ਅਤੇ ਕਾਲ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।