ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਵਿੱਚ ਘਣੇ ਕੋਹਰੇ ਨੇ ਇੱਕ ਵਾਰ ਫਿਰ ਭਿਆਨਕ ਸੜਕ ਹਾਦਸਾ ਵਾਪਰ ਗਿਆ। ਆਗਰਾ–ਗਵਾਲਿਅਰ ਨੈਸ਼ਨਲ ਹਾਈਵੇ ‘ਤੇ ਮੰਗਲਵਾਰ ਤੜਕੇ ਅੱਧਾ ਦਰਜਨ ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਕਾਰਨ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ। ਇਹ ਹਾਦਸਾ ਥਾਣਾ ਇਰਾਦਤਨਗਰ ਖੇਤਰ ਅਧੀਨ ਪੈਂਦੇ ਪਿੰਡ ਨਗਲਾ ਇਮਲੀ ਦੇ ਨੇੜੇ ਸਵੇਰੇ ਕਰੀਬ ਛੇ ਵਜੇ ਵਾਪਰਿਆ।
ਜਾਣਕਾਰੀ ਅਨੁਸਾਰ ਸਵੇਰ ਦੇ ਸਮੇਂ ਕੋਹਰਾ ਇੰਨਾ ਘਣਾ ਸੀ ਕਿ ਹਾਈਵੇ ‘ਤੇ ਕੁਝ ਨਹੀਂ ਦਿਖਾਈ ਦੇ ਰਿਹਾ ਸੀ। ਵਾਹਨ ਚਾਲਕਾਂ ਨੂੰ ਅੱਗੇ-ਪਿੱਛੇ ਆ ਰਹੇ ਵਾਹਨ ਵੀ ਨਹੀਂ ਦਿਖ ਰਹੇ ਸੀ । ਇਸ ਦੌਰਾਨ ਇੱਕ ਵਾਹਨ ਦੇ ਅਚਾਨਕ ਬ੍ਰੇਕ ਲਗਾਉਣ ਨਾਲ ਪਿੱਛੋਂ ਆ ਰਹੇ ਵਾਹਨ ਸੰਤੁਲਨ ਗੁਆ ਬੈਠੇ ਅਤੇ ਇੱਕ ਤੋਂ ਬਾਅਦ ਇੱਕ ਕਰਕੇ ਟੱਕਰਾਂ ਹੋਣ ਲੱਗ ਪਈਆਂ।

ਹਾਦਸਾ ਇੰਨਾ ਭਿਆਨਕ ਸੀ ਕਿ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੀ ਹੋ ਗਏ ਅਤੇ ਉਨ੍ਹਾਂ ਵਿੱਚ ਸਵਾਰ ਲੋਕ ਅੰਦਰ ਹੀ ਫਸ ਗਏ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਅਤੇ ਐਂਬੂਲੈਂਸ ਸੇਵਾਵਾਂ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਰਾਹਤ ਅਤੇ ਬਚਾਵ ਕਾਰਜ ਸ਼ੁਰੂ ਕਰਦਿਆਂ ਕਾਫੀ ਮੁਸ਼ੱਕਤ ਤੋਂ ਬਾਅਦ ਵਾਹਨਾਂ ਵਿੱਚ ਫਸੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ।
ਹਾਦਸੇ ਕਾਰਨ ਕੁਝ ਸਮੇਂ ਲਈ ਆਗਰਾ–ਗਵਾਲਿਅਰ ਨੈਸ਼ਨਲ ਹਾਈਵੇ ‘ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਲੰਬੇ ਜਾਮ ਲੱਗਣ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਪੁਲਿਸ ਵੱਲੋਂ ਖਰਾਬ ਵਾਹਨਾਂ ਨੂੰ ਹਟਾ ਕੇ ਟ੍ਰੈਫਿਕ ਨੂੰ ਹੌਲੀ-ਹੌਲੀ ਸੁਚਾਰੂ ਕੀਤਾ ਗਿਆ।
ਸਥਾਨਕ ਪ੍ਰਸ਼ਾਸਨ ਨੇ ਠੰਡ ਅਤੇ ਕੋਹਰੇ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਵਾਹਨ ਚਾਲਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਕਿਹਾ ਕਿ ਕੋਹਰੇ ਦੌਰਾਨ ਹੌਲੀ ਗਤੀ ਨਾਲ ਵਾਹਨ ਚਲਾਇਆ ਜਾਵੇ, ਫੋਗ ਲਾਈਟਾਂ ਦੀ ਵਰਤੋਂ ਕੀਤੀ ਜਾਵੇ ਅਤੇ ਵਾਹਨਾਂ ਵਿਚਕਾਰ ਯੋਗ ਦੂਰੀ ਬਣਾਈ ਰੱਖੀ ਜਾਵੇ, ਤਾਂ ਜੋ ਅਜਿਹੇ ਦਰਦਨਾਕ ਹਾਦਸਿਆਂ ਤੋਂ ਬਚਿਆ ਜਾ ਸਕੇ।