ਪੰਜਾਬ ‘ਚ ਵੱਡੀ ਹਲਚਲ…ਮਹਿਲਾ AAP ਵਿਧਾਇਕ ਦੇ ਘਰ ED ਦੀ ਰੇਡ! ਦਿੱਲੀ-ਚੰਡੀਗੜ੍ਹ ਤੋਂ ਮੋਗਾ ਪਹੁੰਚੀਆਂ ਟੀਮਾਂ, 3 ਦਿਨ ਪਹਿਲਾਂ ਹੀ ਮਿਲੀ ਸੀ ਮੁੜ ਟਿਕਟ
ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੋਗਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (AAP) ਦੀ ਮਹਿਲਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਬੁੱਧਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਦਿੱਲੀ ਅਤੇ ਚੰਡੀਗੜ੍ਹ ਤੋਂ ED ਦੀਆਂ ਟੀਮਾਂ ਜਾਂਚ ਲਈ ਮੋਗਾ ਪਹੁੰਚੀਆਂ ਹਨ।
CRPF ਦੇ ਜਵਾਨਾਂ ਵੱਲੋਂ ਪਾਇਆ ਘੇਰਾ
ਦੱਸਿਆ ਜਾ ਰਿਹਾ ਹੈ ਕਿ ED ਦੀਆਂ ਟੀਮਾਂ ਵੱਲੋਂ ਵਿਧਾਇਕ ਦੇ ਮੋਗਾ ਸਥਿਤ ਘਰ ਅਤੇ ਮੋਗਾ-ਲੁਧਿਆਣਾ ਰੋਡ 'ਤੇ ਬਣੇ ਫਲੈਟਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਕਾਰਵਾਈ ਦੌਰਾਨ CRPF ਦੇ ਜਵਾਨਾਂ ਵੱਲੋਂ ਇਲਾਕੇ ਨੂੰ ਘੇਰੇ ਵਿੱਚ ਲਿਆ ਗਿਆ ਹੈ, ਜਦਕਿ ਪੰਜਾਬ ਪੁਲਿਸ ਨੂੰ ਵੀ ਘੇਰੇ ਤੋਂ ਬਾਹਰ ਹੀ ਰੋਕ ਦਿੱਤਾ ਗਿਆ ਹੈ।
3 ਦਿਨ ਪਹਿਲਾਂ ਹੀ ਮਿਲੀ ਸੀ ਮੁੜ ਟਿਕਟ
ਜ਼ਿਕਰਯੋਗ ਹੈ ਕਿ ਡਾ. ਅਮਨਦੀਪ ਕੌਰ ਅਰੋੜਾ ਨੂੰ ਸਿਰਫ਼ ਤਿੰਨ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੜ ਉਮੀਦਵਾਰ ਐਲਾਨਿਆ ਗਿਆ ਸੀ। ਇਸ ਤੋਂ ਇਲਾਵਾ ਉਹ ਪੰਜਾਬ ਵਿੱਚ AAP ਦੀ ਮਹਿਲਾ ਵਿੰਗ ਦੀ ਪ੍ਰਧਾਨ ਵੀ ਹਨ।
ED ਦੀ ਰੇਡ ਖ਼ਿਲਾਫ਼ ਸਮਰਥਕਾਂ ਵੱਲੋਂ ਪ੍ਰਦਰਸ਼ਨ
ਵਿਧਾਇਕ ਦੇ ਘਰ ED ਦੀ ਰੇਡ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਸਮਰਥਕ ਇਕੱਠੇ ਹੋ ਗਏ। ਸਮਰਥਕਾਂ ਵੱਲੋਂ ਘਰ ਦੇ ਬਾਹਰ ED ਦੀ ਕਾਰਵਾਈ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
AAP ਵਿਧਾਇਕ ਨੂੰ BJP ਵਿੱਚ ਸ਼ਾਮਲ ਹੋਣ ਲਈ ਦਬਾਅ ਪਾਉਣ ਦੇ ਇਲਜ਼ਾਮ
ਮੋਗਾ ਦੇ ਸੀਨੀਅਰ ਡਿਪਟੀ ਮੇਅਰ ਕਾਲਾ ਬਜਾਜ ਅਤੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀਵਾਲਾ ਨੇ ਦੱਸਿਆ ਕਿ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਮੰਗਲਵਾਰ ਦੇਰ ਰਾਤ ਕਰੀਬ ਢਾਈ ਵਜੇ ਤੋਂ ਹੀ ED ਦੀ ਛਾਪੇਮਾਰੀ ਜਾਰੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਵਿਧਾਇਕ 'ਤੇ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਇਸੇ ਦਬਾਅ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਇਹ ਰੇਡ ਕਰਵਾਈ ਗਈ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਚੋਣਾਂ ਹਾਰ ਰਹੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਅਤੇ ED ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।