Monday, 5th of October 2026

ਇੰਫਲੂਐਂਸਰ ਮੈਡ ਸੰਧੂ ਦੇ ਭਰਾ ਦਾ ਝਲਕਿਆ ਦਰਦ,ਬੋਲਿਆ-‘ਮਤਲਬ ਲਈ ਸੀ ਸਾਥ, ਮੁਸ਼ਕਲ ਵੇਲੇ ਕੋਈ ਨਹੀਂ ਆਇਆ’...ਅੰਤਿਮ ਸੰਸਕਾਰ ’ਤੇ ਨਹੀਂ ਪਹੁੰਚੇ ਦੋਸਤ

ਕੁੱਝ ਦਿਨ ਪਹਿਲਾਂ ਹੀ ਪੰਜਾਬੀ ਇੰਫਲੂਐਂਸਰ ਮੈਡ ਸੰਧੂ ਦੀ ਬਹੁਤ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਮੈਡ ਸੰਧੂ ਦੇ ਅੰਤਿਮ ਸੰਸਕਾਰ ਮੌਕੇ ਉਸ ਦੇ ਕਰੀਬੀ ਦੱਸੇ ਜਾਣ ਵਾਲੇ ਦੋਸਤਾਂ ਅਤੇ ਨਾਲ ਵੀਡੀਓ ਬਣਾਉਣ ਵਾਲੇ ਕਈ ਇੰਫਲੂਐਂਸਰਾਂ ਦੇ ਨਾ ਪਹੁੰਚਣ ‘ਤੇ ਉਸ ਦੇ ਪਰਿਵਾਰ ਨੇ ਡੂੰਘੀ ਨਾਰਾਜ਼ਗੀ ਅਤੇ ਅਫ਼ਸੋਸ ਜ਼ਾਹਰ ਕੀਤਾ ਹੈ।

Edited By: Lajwinder Kaur | Updated at:
ਇੰਫਲੂਐਂਸਰ ਮੈਡ ਸੰਧੂ ਦੇ ਭਰਾ ਦਾ ਝਲਕਿਆ ਦਰਦ,ਬੋਲਿਆ-‘ਮਤਲਬ ਲਈ ਸੀ ਸਾਥ, ਮੁਸ਼ਕਲ ਵੇਲੇ ਕੋਈ ਨਹੀਂ ਆਇਆ’...ਅੰਤਿਮ ਸੰਸਕਾਰ ’ਤੇ ਨਹੀਂ ਪਹੁੰਚੇ ਦੋਸਤ

ਇੰਫਲੂਐਂਸਰ ਮੈਡ ਸੰਧੂ ਦੇ ਭਰਾ ਦਾ ਝਲਕਿਆ ਦਰਦ,ਬੋਲਿਆ-‘ਮਤਲਬ ਲਈ ਸੀ ਸਾਥ, ਮੁਸ਼ਕਲ ਵੇਲੇ ਕੋਈ ਨਹੀਂ ਆਇਆ’...ਅੰਤਿਮ ਸੰਸਕਾਰ ’ਤੇ ਨਹੀਂ ਪਹੁੰਚੇ ਦੋਸਤ

ਅੰਮ੍ਰਿਤਸਰ ਵਿੱਚ ਕੁਝ ਦਿਨ ਪਹਿਲਾਂ ਦਿਨ-ਦਿਹਾੜੇ ਕਤਲ ਕੀਤੇ ਗਏ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਅਤੇ ਮੇਕਅਪ ਆਰਟਿਸਟ ਮੈਡ ਸੰਧੂ ਦੇ ਮਾਮਲੇ ਵਿੱਚ ਪਰਿਵਾਰ ਦਾ ਵੱਡਾ ਦਰਦ ਸਾਹਮਣੇ ਆਇਆ ਹੈ। ਮੈਡ ਸੰਧੂ ਦੇ ਅੰਤਿਮ ਸੰਸਕਾਰ ਮੌਕੇ ਉਸ ਦੇ ਕਰੀਬੀ ਦੱਸੇ ਜਾਣ ਵਾਲੇ ਦੋਸਤਾਂ ਅਤੇ ਨਾਲ ਵੀਡੀਓ ਬਣਾਉਣ ਵਾਲੇ ਕਈ ਇੰਫਲੂਐਂਸਰਾਂ ਦੇ ਨਾ ਪਹੁੰਚਣ ‘ਤੇ ਉਸ ਦੇ ਪਰਿਵਾਰ ਨੇ ਡੂੰਘੀ  ਨਾਰਾਜ਼ਗੀ ਅਤੇ ਅਫ਼ਸੋਸ ਜ਼ਾਹਰ ਕੀਤਾ ਹੈ।

ਮਤਲਬ ਲਈ ਨਾਲ ਸਨ ਲੋਕ, ਮੁਸ਼ਕਿਲ ਵਕਤ ਕੋਈ ਨਹੀਂ ਆਇਆ 

ਮੈਡ ਸੰਧੂ ਦੇ ਭਰਾ ਹਰਸ਼ਦੀਪ ਨੇ ਰੋਂਦਿਆਂ ਹੋਇਆ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਫ਼ੋਨ ਕਰਕੇ ਉਸ ਦੇ ਕਈ ਖ਼ਾਸ ਦੋਸਤਾਂ ਨੂੰ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਸੀ। ਇਸ ਦੇ ਬਾਵਜੂਦ ਉਹ ਨਾ ਤਾਂ ਘਰ ਆਏ ਅਤੇ ਨਾ ਹੀ ਅੰਤਿਮ ਵਿਦਾਈ ਮੌਕੇ ਮੌਜੂਦ ਰਹੇ। ਭਰਾ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਕੁਝ ਲੋਕਾਂ ਨੇ ਫ਼ੋਨ ਕਰਕੇ ਸਮਾਂ ਜ਼ਰੂਰ ਪੁੱਛਿਆ ਪਰ ਆਇਆ ਕੋਈ ਨਹੀਂ। ਉਨ੍ਹਾਂ ਕਿਹਾ ਕਿ ਮੈਡ ਸੰਧੂ ਨਾਲ ਹਰ ਸਮੇਂ ਰਹਿਣ ਵਾਲੇ ਬਹੁਤ ਸਾਰੇ ਲੋਕ ਸਿਰਫ਼ ਖਾਣ-ਪੀਣ ਅਤੇ ਆਪਣੇ ਮਤਲਬ ਲਈ ਉਸ ਦੇ ਨਾਲ ਜੁੜੇ ਹੋਏ ਸਨ। ਜਦੋਂ ਅਸਲ ਮੁਸ਼ਕਿਲ ਦਾ ਸਮਾਂ ਆਇਆ ਤਾਂ ਉਸ ਦੇ ਨਾਲ ਖੜ੍ਹਨ ਵਾਲਾ ਕੋਈ ਵੀ ਨਹੀਂ ਸੀ। ਜਿਹੜੇ ਲੋਕ ਹਰ ਵੇਲੇ ਉਸ ਦੀਆਂ ਰੀਲਾਂ ਅਤੇ ਵੀਡੀਓਜ਼ ਵਿੱਚ ਨਜ਼ਰ ਆਉਂਦੇ ਸਨ, ਉਨ੍ਹਾਂ ਵਿੱਚੋਂ ਵੀ ਕੋਈ ਮੌਕੇ ‘ਤੇ ਨਹੀਂ ਪਹੁੰਚਿਆ।

'ਓਏ ਭੋਲੇ ਓਏ' ਫ਼ਿਲਮ ਵਿੱਚ ਵੀ ਆ ਚੁੱਕੇ ਸਨ ਨਜ਼ਰ

ਦੱਸ ਦੇਈਏ ਕਿ ਮੈਡ ਸੰਧੂ ਨੇ ਸੋਸ਼ਲ ਮੀਡੀਆ ਤੋਂ ਇਲਾਵਾ ਪੰਜਾਬੀ ਸਿਨੇਮਾ ਵਿੱਚ ਵੀ ਕੰਮ ਕੀਤਾ ਸੀ। ਉਹ ਪੰਜਾਬੀ ਫ਼ਿਲਮ ‘ਓਏ ਭੋਲੇ ਓਏ’ ਵਿੱਚ ਵੀ ਨਜ਼ਰ ਆਏ ਸਨ, ਜਿਸ ਵਿੱਚ ਮੁੱਖ ਭੂਮਿਕਾ ਅਦਾਕਾਰ ਜਗਜੀਤ ਸੰਧੂ ਨੇ ਨਿਭਾਈ ਸੀ। ਦੱਸ ਦਈਏ ਸੋਸ਼ਲ ਮੀਡੀਆ ਉੱਤੇ ਵੀ ਮੈਡ ਦੀ ਚੰਗੀ ਫੈਨ ਫਾਲਵਿੰਗ ਸੀ।

ਭਰਾ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਮੈਡ ਸੰਧੂ ਇੱਕ ਬਹੁਤ ਹੀ ਨੇਕ ਦਿਲ ਇਨਸਾਨ ਸੀ ਅਤੇ ਆਪਣੇ ਪੂਰੇ ਪਰਿਵਾਰ ਦਾ ਖ਼ਿਆਲ ਰੱਖਦਾ ਸੀ। ਉਹ ਘਰ ਦਾ ਵੱਡਾ ਸਹਾਰਾ ਸੀ ਜੋ ਸਾਰਿਆਂ ਦੀਆਂ ਲੋੜਾਂ ਨੂੰ ਪੂਰਾ ਕਰਦਾ ਸੀ।

ਕੀ ਹੈ ਪੂਰਾ ਮਾਮਲਾ?

ਜ਼ਿਕਰਯੋਗ ਹੈ ਕਿ ਬੀਤੇ ਸ਼ਨੀਵਾਰ ਸ਼ਾਮ ਨੂੰ ਅੰਮ੍ਰਿਤਸਰ ਦੇ ਲੋਹਾਰਕਾ ਰੋਡ ‘ਤੇ ਕਾਰ ਧੋਆਉਣ (Car Wash) ਗਏ ਮੈਡ ਸੰਧੂ ‘ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਸਨ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਅਹਿਮ ਸੁਰਾਗ ਮਿਲੇ ਹਨ ਅਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਏਗਾ।