Friday, 9th of October 2026

ਅੰਮ੍ਰਿਤਸਰ ਏਅਰਪੋਰਟ 'ਤੇ ਵੱਡਾ ਐਕਸ਼ਨ! 1 ਕਰੋੜ ਦਾ ਸੋਨਾ ਬਰਾਮਦ, ਇੰਝ ਅੱਖਾਂ ‘ਚ ਘੱਟਾ ਪਾ ਲਿਆ ਰਹੇ ਸੀ ਗੋਲਡ, ਮਹਿਲਾ ਸਮੇਤ 3 ਵਿਅਕਤੀ ਗ੍ਰਿਫ਼ਤਾਰ

Edited By: Lajwinder Kaur | Updated at:
ਅੰਮ੍ਰਿਤਸਰ ਏਅਰਪੋਰਟ 'ਤੇ ਵੱਡਾ ਐਕਸ਼ਨ! 1 ਕਰੋੜ ਦਾ ਸੋਨਾ ਬਰਾਮਦ, ਇੰਝ ਅੱਖਾਂ ‘ਚ ਘੱਟਾ ਪਾ ਲਿਆ ਰਹੇ ਸੀ ਗੋਲਡ, ਮਹਿਲਾ ਸਮੇਤ 3 ਵਿਅਕਤੀ ਗ੍ਰਿਫ਼ਤਾਰ

ਅੰਮ੍ਰਿਤਸਰ ਏਅਰਪੋਰਟ 'ਤੇ ਵੱਡਾ ਐਕਸ਼ਨ! 1 ਕਰੋੜ ਦਾ ਸੋਨਾ ਬਰਾਮਦ, ਇੰਝ ਅੱਖਾਂ ‘ਚ ਘੱਟਾ ਪਾ ਲਿਆ ਰਹੇ ਸੀ ਗੋਲਡ, ਮਹਿਲਾ ਸਮੇਤ 3 ਵਿਅਕਤੀ ਗ੍ਰਿਫ਼ਤਾਰ

ਅੰਮ੍ਰਿਤਸਰ ਏਅਰਪੋਰਟ 'ਤੇ ਕਸਟਮ ਵਿਭਾਗ ਅਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਦੀਆਂ ਟੀਮਾਂ ਨੇ ਇੱਕ ਵੱਡੀ ਕਾਰਵਾਈ ਕਰਦਿਆਂ 1 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਮਹਿਲਾ ਸਮੇਤ ਤਿੰਨ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਇਹ ਸੋਨਾ ਪੇਸਟ ਅਤੇ ਕੜਾ-ਚੇਨ ਵਿੱਚ ਲੁਕਾ ਕੇ ਲਿਆ ਰਹੇ ਸਨ। ਕਸਟਮ ਅਧਿਕਾਰੀਆਂ ਨੇ ਬਰਾਮਦ ਕੀਤੇ ਸੋਨੇ ਨੂੰ ਜ਼ਬਤ ਕਰ ਲਿਆ ਹੈ ਅਤੇ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਕਸਟਮ ਐਕਟ, 1962 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਭਾਗ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹੈ ਕਿ ਇਸ ਤਸਕਰੀ ਦੇ ਪਿੱਛੇ ਕੋਈ ਅੰਤਰਰਾਸ਼ਟਰੀ ਗੋਲਡ ਸਮਗਲਿੰਗ ਗਿਰੋਹ ਤਾਂ ਸ਼ਾਮਲ ਨਹੀਂ ਹੈ।

ਇੰਝ ਹੋਇਆ ਸ਼ੱਕ

ਸ਼ਾਰਜਾਹ ਤੋਂ ਆਈ ਫਲਾਈਟ 6E1428 ਦੇ ਇੱਕ ਯਾਤਰੀ ਨੂੰ ਸ਼ੱਕ ਦੇ ਆਧਾਰ 'ਤੇ ਡੀਆਰਆਈ (DRI) ਅੰਮ੍ਰਿਤਸਰ ਅਤੇ ਕਸਟਮ ਅਧਿਕਾਰੀਆਂ ਦੀ ਸਾਂਝੀ ਟੀਮ ਵੱਲੋਂ ਰੋਕਿਆ ਗਿਆ। ਵਿਸਥਾਰਪੂਰਵਕ ਜਾਂਚ, ਐਕਸ-ਰੇ ਸਕੈਨਿੰਗ ਅਤੇ ਨਿੱਜੀ ਤਲਾਸ਼ੀ ਦੌਰਾਨ ਯਾਤਰੀ ਕੋਲੋਂ ਪੇਸਟ ਦੇ ਰੂਪ ਵਿੱਚ 174 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਸੋਨਾ ਕੱਢਣ ਤੋਂ ਬਾਅਦ ਇਸ ਦਾ ਸ਼ੁੱਧ ਵਜ਼ਨ 150.04 ਗ੍ਰਾਮ ਪਾਇਆ ਗਿਆ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 22 ਲੱਖ 5 ਹਜ਼ਾਰ 588 ਰੁਪਏ ਦੱਸੀ ਗਈ ਹੈ।

ਕਸਟਮ ਅਧਿਕਾਰੀਆਂ ਨੇ ਸ਼ਾਰਜਾਹ ਤੋਂ ਫਲਾਈਟ IX-138 ਰਾਹੀਂ ਆਈ ਇੱਕ ਮਹਿਲਾ ਯਾਤਰੀ ਨੂੰ ਜਾਂਚ ਲਈ ਰੋਕਿਆ। ਵਿਸਥਾਰਪੂਰਵਕ ਜਾਂਚ ਅਤੇ ਐਕਸ-ਰੇ ਸਕੈਨਿੰਗ ਦੌਰਾਨ ਉਸ ਕੋਲੋਂ ਪੇਸਟ ਦੇ ਰੂਪ ਵਿੱਚ 114 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਜਾਂਚ ਤੋਂ ਬਾਅਦ ਇਸ ਦਾ ਸ਼ੁੱਧ ਵਜ਼ਨ 90.21 ਗ੍ਰਾਮ ਪਾਇਆ ਗਿਆ, ਜਿਸ ਦੀ ਕੀਮਤ ਲਗਭਗ 13 ਲੱਖ 26 ਹਜ਼ਾਰ 87 ਰੁਪਏ ਦੱਸੀ ਗਈ ਹੈ।

ਕਸਟਮ ਅਧਿਕਾਰੀਆਂ ਅਨੁਸਾਰ, ਮੈਲਬੋਰਨ ਤੋਂ ਕੁਆਲਾਲੰਪੁਰ ਹੁੰਦੇ ਹੋਏ ਫਲਾਈਟ MH-118 ਰਾਹੀਂ ਅੰਮ੍ਰਿਤਸਰ ਪਹੁੰਚੇ ਇੱਕ ਪੁਰਸ਼ ਯਾਤਰੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਜਾਂਚ ਦੌਰਾਨ ਉਸ ਕੋਲੋਂ 24 ਕੈਰੇਟ ਸੋਨੇ ਦੇ ਦੋ ਕੜੇ ਅਤੇ ਇੱਕ ਚੇਨ ਬਰਾਮਦ ਕੀਤੀ ਗਈ। ਬਰਾਮਦ ਕੀਤੇ ਗਏ ਇਸ ਸੋਨੇ ਦਾ ਕੁੱਲ ਵਜ਼ਨ 484 ਗ੍ਰਾਮ ਹੈ ਅਤੇ ਇਸ ਦੀ ਕੀਮਤ ਲਗਭਗ 70 ਲੱਖ 66 ਹਜ਼ਾਰ 400 ਰੁਪਏ ਦੱਸੀ ਗਈ ਹੈ।

ਟੈਕਸ ਚੋਰੀ ਕਰਕੇ ਮੁਨਾਫ਼ਾ ਕਮਾਉਣ ਲਈ ਸੋਨੇ ਦੀ ਤਸਕਰੀ

ਸ਼ਾਰਜਾਹ ਅਤੇ ਦੁਬਈ ਦੁਨੀਆ ਦੇ ਸਭ ਤੋਂ ਵੱਡੇ ਗੋਲਡ ਟਰੇਡਿੰਗ ਹੱਬ ਹਨ, ਜਿੱਥੇ ਸੋਨਾ ਭਾਰਤ ਦੇ ਮੁਕਾਬਲੇ ਕਾਫੀ ਸਸਤਾ ਮਿਲਦਾ ਹੈ। ਭਾਰਤ ਵਿੱਚ ਦਰਾਮਦ ਡਿਊਟੀ (ਆਯਾਤ ਸ਼ੁਲਕ), ਜੀਐਸਟੀ ਅਤੇ ਹੋਰ ਟੈਕਸ ਲੱਗਣ ਕਾਰਨ ਇਸ ਦੀ ਕੀਮਤ ਵੱਧ ਜਾਂਦੀ ਹੈ। ਇਸੇ ਕੀਮਤ ਦੇ ਅੰਤਰ ਦਾ ਫਾਇਦਾ ਉਠਾਉਣ ਲਈ ਤਸਕਰ ਯਾਤਰੀਆਂ (ਕੈਰੀਅਰਾਂ) ਰਾਹੀਂ ਸੋਨਾ ਪੰਜਾਬ ਤੱਕ ਪਹੁੰਚਾਉਂਦੇ ਹਨ। ਪੰਜਾਬ ਤੋਂ ਇਹ ਸੋਨਾ ਅੱਗੇ ਸਰ੍ਰਾਫਾ ਬਾਜ਼ਾਰਾਂ, ਗੈਰ-ਕਾਨੂੰਨੀ ਨੈੱਟਵਰਕਾਂ ਅਤੇ ਹਵਾਲਾ ਚੈਨਲਾਂ ਰਾਹੀਂ ਖਪਾਇਆ ਜਾਂਦਾ ਹੈ, ਜਿਸ ਨਾਲ ਤਸਕਰਾਂ ਨੂੰ ਪ੍ਰਤੀ ਕਿਲੋ ਲੱਖਾਂ ਰੁਪਏ ਦਾ ਮੁਨਾਫ਼ਾ ਹੁੰਦਾ ਹੈ।