ਪੰਜਾਬੀ ਮੁਟਿਆਰ ਦਾ ਕੈਨੇਡਾ ‘ਚ ਗੋਲੀਆਂ ਮਾਰ ਕੇ ਕਤਲ; ਵੀਡੀਓ ਕਾਲ ‘ਤੇ ਭਰਾ ਨੂੰ ਬੋਲੀ-"ਸ਼ਰਨ ਆ ਗਿਆ"... ਕੁਝ ਪਲਾਂ ਬਾਅਦ ਬੱਸ ਸਟਾਪ 'ਤੇ ਕਰ ਦਿੱਤਾ ਕਤਲ
ਟੋਰਾਂਟੋ (ਕੈਨੇਡਾ) ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਅੰਮ੍ਰਿਤਸਰ ਦੀ ਰਹਿਣ ਵਾਲੀ 26 ਸਾਲਾ ਨਵਨੀਤ ਕੌਰ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨਵਨੀਤ ਕੌਰ ਕੈਨੇਡਾ ਦੇ CIBC ਬੈਂਕ ਵਿੱਚ ਨੌਕਰੀ ਕਰਦੀ ਸੀ ਅਤੇ ਘਟਨਾ ਸਮੇਂ ਸਵੇਰੇ ਕਰੀਬ ਸਾਢੇ ਸੱਤ ਵਜੇ ਬੱਸ ਸਟਾਪ 'ਤੇ ਬੈਂਕ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ। ਪਰਿਵਾਰ ਦਾ ਦੋਸ਼ ਹੈ ਕਿ ਕੋਟਕਪੂਰਾ ਨਾਲ ਸਬੰਧਤ ਸ਼ਰਨਜੀਤ ਨਾਮਕ ਨੌਜਵਾਨ ਨੇ ਇੱਕ ਤਰਫ਼ਾ ਪਿਆਰ ਦੇ ਚਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਦੋਸ਼ੀ ਨੂੰ ਕੁਝ ਹੀ ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
ਭਰਾ ਨਾਲ ਵੀਡੀਓ ਕਾਲ ਦੌਰਾਨ ਵਾਪਰਿਆ ਭਾਣਾ
ਘਟਨਾ ਵਾਲੇ ਦਿਨ ਨਵਨੀਤ ਆਪਣੇ ਭਰਾ ਨਾਲ ਵੀਡੀਓ ਕਾਲ 'ਤੇ ਗੱਲ ਕਰਦੀ ਹੋਈ ਘਰੋਂ ਨਿਕਲੀ ਸੀ। ਜਦੋਂ ਉਹ ਬੱਸ ਸਟਾਪ 'ਤੇ ਪਹੁੰਚੀ ਤਾਂ ਉਸ ਨੇ ਘਬਰਾ ਕੇ ਭਰਾ ਨੂੰ ਕਿਹਾ, "ਸ਼ਰਨ ਆ ਗਿਆ... ਇਹ ਇੱਥੇ ਕੀ ਕਰ ਰਿਹਾ ਹੈ?" ਇਸ ਤੋਂ ਕੁਝ ਪਲਾਂ ਬਾਅਦ ਹੀ ਫੋਨ ਕੱਟ ਹੋ ਗਿਆ ਅਤੇ ਬੰਦ ਹੋ ਗਿਆ। ਕਰੀਬ ਦੋ ਘੰਟਿਆਂ ਬਾਅਦ ਪਰਿਵਾਰ ਨੂੰ ਦੁਖਦਾਇਕ ਖ਼ਬਰ ਮਿਲੀ ਕਿ ਨਵਨੀਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਪਿਛਲੇ 5 ਸਾਲਾਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ ਦੋਸ਼ੀ
ਨਵਨੀਤ ਦੇ ਪਿਤਾ ਹਰਪਾਲ ਸਿੰਘ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੇਵਾ ਨਿਭਾ ਰਹੇ ਹਨ, ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਸਾਲ 2021 ਵਿੱਚ ਸਟੱਡੀ ਵੀਜ਼ੇ 'ਤੇ ਕੈਨੇਡਾ ਭੇਜਿਆ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਬੈਂਕ ਵਿੱਚ ਪੱਕੀ ਨੌਕਰੀ ਮਿਲ ਗਈ ਸੀ। ਪਰਿਵਾਰ ਮੁਤਾਬਕ ਪਿਛਲੇ ਪੰਜ ਸਾਲਾਂ ਤੋਂ ਸ਼ਰਨਜੀਤ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਕੁਝ ਸਮਾਂ ਪਹਿਲਾਂ ਜਦੋਂ ਨਵਨੀਤ ਭਾਰਤ ਆਈ ਸੀ ਤਾਂ ਮੋਹਾਲੀ ਵਿੱਚ ਦੋਸ਼ੀ ਦੇ ਪਰਿਵਾਰ ਨਾਲ ਮੀਟਿੰਗ ਵੀ ਕੀਤੀ ਗਈ ਸੀ, ਜਿਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਹੁਣ ਉਹ ਕੋਈ ਪ੍ਰੇਸ਼ਾਨੀ ਨਹੀਂ ਖੜ੍ਹੀ ਕਰੇਗਾ। ਇਸ ਭਰੋਸੇ ਤੋਂ ਬਾਅਦ ਨਵਨੀਤ 29 ਜੂਨ ਨੂੰ ਮੁੜ ਕੈਨੇਡਾ ਪਰਤ ਗਈ ਸੀ।
ਪਤਾ ਬਦਲਣ ਦੇ ਬਾਵਜੂਦ ਕਰਦਾ ਰਿਹਾ ਰੇਕੀ
ਕੈਨੇਡਾ ਪਹੁੰਚ ਕੇ ਨਵਨੀਤ ਨੇ ਆਪਣਾ ਰਹਿਣ ਦਾ ਟਿਕਾਣਾ ਅਤੇ ਫੋਨ ਨੰਬਰ ਵੀ ਬਦਲ ਲਿਆ ਸੀ, ਪਰ ਫਿਰ ਵੀ ਦੋਸ਼ੀ ਉਸ ਦਾ ਨਵਾਂ ਪਤਾ ਲੱਭਣ ਵਿੱਚ ਕਾਮਯਾਬ ਹੋ ਗਿਆ ਅਤੇ ਲਗਾਤਾਰ ਰੇਕੀ ਕਰਦਾ ਰਿਹਾ। ਇਸ ਤੋਂ ਪਹਿਲਾਂ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ, ਜਿਸ ਤਹਿਤ ਦੋਸ਼ੀ ਨੂੰ ਬੈਂਕ ਅਤੇ ਨਵਨੀਤ ਦੇ ਘਰ ਨੇੜੇ ਨਾ ਆਉਣ ਦੀਆਂ ਹਦਾਇਤਾਂ ਸਨ, ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ।
ਪਰਿਵਾਰ ਦੀ ਇਨਸਾਫ਼ ਦੀ ਮੰਗ
ਦੁੱਖ ਵਿੱਚ ਡੁੱਬੇ ਪਰਿਵਾਰ ਨੇ ਭਾਰਤ ਅਤੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਇਸ ਗੱਲ ਦੀ ਵੀ ਉੱਚ ਪੱਧਰੀ ਜਾਂਚ ਹੋਵੇ ਕਿ ਉਸ ਕੋਲ ਅਸਲਾ (ਹਥਿਆਰ) ਕਿੱਥੋਂ ਆਇਆ। ਪਰਿਵਾਰ ਆਪਣੀ ਧੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਯਤਨ ਕਰ ਰਿਹਾ ਹੈ ਅਤੇ ਆਸ ਹੈ ਕਿ ਆਉਣ ਵਾਲੇ 4-5 ਦਿਨਾਂ ਵਿੱਚ ਦੇਹ ਭਾਰਤ ਪਹੁੰਚ ਜਾਵੇਗੀ।