ਕਤਰ 'ਚ ਦੁਨੀਆ ਦੇ ਸਭ ਤੋਂ ਵੱਡੇ LNG ਪਲਾਂਟ 'ਤੇ ਈਰਾਨ ਨੇ ਵਰ੍ਹਾਈਆਂ ਮਿਜ਼ਾਈਲਾਂ, ਦੁਨੀਆ ਭਰ 'ਚ ਛਾਇਆ ਗੈਸ ਸੰਕਟ ਦਾ ਖ਼ਤਰਾ, ਜਾਣੋ ਭਾਰਤ ‘ਤੇ ਪਏਗਾ ਕੀ ਅਸਰ!
ਈਰਾਨ ਅਤੇ ਇਜ਼ਰਾਈਲ-ਅਮਰੀਕਾ ਵਿਚਾਲੇ ਚੱਲ ਰਹੀ ਜੰਗ ਹੁਣ ਇੱਕ ਬਹੁਤ ਹੀ ਖ਼ਤਰਨਾਕ ਮੋੜ 'ਤੇ ਪਹੁੰਚ ਗਈ ਹੈ। ਈਰਾਨ 'ਤੇ ਹੋਏ ਇਜ਼ਰਾਈਲੀ ਹਮਲੇ ਦਾ ਜਵਾਬ ਦਿੰਦੇ ਹੋਏ, ਈਰਾਨੀ ਫੌਜ (IRGC) ਨੇ ਕਤਰ, ਸਊਦੀ ਅਰਬ, ਸੰਯੁਕਤ ਅਰਬ ਅਮੀਰਾਤ (UAE), ਬਹਿਰੀਨ ਅਤੇ ਕੁਵੈਤ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਦੀ ਬੌਛਾਰ ਕਰ ਦਿੱਤੀ ਹੈ।
ਈਰਾਨ ਦੇ ਇਸ ਭਿਆਨਕ ਹਮਲੇ ਵਿੱਚ ਇਹਨਾਂ ਦੇਸ਼ਾਂ ਦੇ ਕਈ ਲਿਕਵੀਫਾਈਡ ਨੈਚੁਰਲ ਗੈਸ (LNG) ਪਲਾਂਟ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਇਸ ਘਟਨਾ ਕਾਰਨ ਖਾੜੀ ਦੇਸ਼ਾਂ ਵਿੱਚ ਭਾਰੀ ਤਬਾਹੀ ਮਚੀ ਹੈ ਅਤੇ ਦੁਨੀਆ ਭਰ ਵਿੱਚ ਊਰਜਾ ਸੰਕਟ ਹੋਰ ਡੂੰਘਾ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਕਤਰ ਦੇ ਰਾਸ ਲਾਫ਼ਾਨ 'ਤੇ ਈਰਾਨੀ ਹਮਲਾ: LNG ਸਹੂਲਤਾਂ ਤਬਾਹ
ਈਰਾਨ ਨੇ ਕਤਰ ਦੇ ਰਾਸ ਲਾਫ਼ਾਨ ਇੰਡਸਟ੍ਰੀਅਲ ਸਿਟੀ (Ras Laffan Industrial City) 'ਤੇ ਭਿਆਨਕ ਹਮਲਾ ਕੀਤਾ ਹੈ। ਇਹ ਇਲਾਕਾ ਦੁਨੀਆ ਦੇ ਸਭ ਤੋਂ ਵੱਡੇ ਗੈਸ ਨਿਰਯਾਤ ਕੇਂਦਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕਤਰ ਐਨਰਜੀ ਨੇ ਵੀਰਵਾਰ ਤੜਕੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ "ਉਸ ਦੀਆਂ ਕਈ ਲਿਕਵੀਫਾਈਡ ਨੈਚੁਰਲ ਗੈਸ (LNG) ਸਹੂਲਤਾਂ 'ਤੇ ਮਿਜ਼ਾਈਲ ਹਮਲੇ ਕੀਤੇ ਗਏ ਹਨ, ਜਿਸ ਕਾਰਨ ਉੱਥੇ ਭਿਆਨਕ ਅੱਗ ਲੱਗ ਗਈ ਅਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।"
ਕਤਰ ਨੇ ਰਾਸ ਲਾਫ਼ਾਨ ਇੰਡਸਟਰੀਅਲ ਸਿਟੀ 'ਤੇ ਹੋਏ ਈਰਾਨੀ ਹਮਲੇ ਦੀ ਸਖ਼ਤ ਨਿੰਦਾ ਕੀਤੀ
ਕਤਰ ਰਾਜ ਨੇ ਰਾਸ ਲਾਫ਼ਾਨ ਇੰਡਸਟਰੀਅਲ ਸਿਟੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਈਰਾਨੀ ਹਮਲੇ ਦੀ ਪੁਰਜ਼ੋਰ ਨਿੰਦਾ ਕੀਤੀ ਹੈ। ਇਸ ਹਮਲੇ ਕਾਰਨ ਉੱਥੇ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪਲਾਂਟ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕਤਰ ਨੇ ਇਸ ਹਮਲੇ ਨੂੰ ਇੱਕ ਖ਼ਤਰਨਾਕ ਕਦਮ, ਦੇਸ਼ ਦੀ ਪ੍ਰਭੂਸੱਤਾ ਦੀ ਘੋਰ ਉਲੰਘਣਾ ਅਤੇ ਰਾਸ਼ਟਰੀ ਸੁਰੱਖਿਆ ਤੇ ਖੇਤਰੀ ਸਥਿਰਤਾ ਲਈ ਸਿੱਧਾ ਖ਼ਤਰਾ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਤਰ ਨੇ ਸ਼ੁਰੂ ਤੋਂ ਹੀ ਇਸ ਜੰਗ ਤੋਂ ਦੂਰੀ ਬਣਾਈ ਰੱਖੀ ਹੈ, ਫਿਰ ਵੀ ਈਰਾਨੀ ਪੱਖ ਵੱਲੋਂ ਕਤਰ ਅਤੇ ਗੁਆਂਢੀ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਕਿ ਖੇਤਰੀ ਅਤੇ ਅੰਤਰਰਾਸ਼ਟਰੀ ਸ਼ਾਂਤੀ ਲਈ ਖ਼ਤਰਾ ਹੈ।
Statement | Qatar Condemns, Denounces Blatant Iranian Attack on Ras Laffan Industrial CityDoha | March 18, 2026The State of Qatar expresses its strong condemnation and denunciation of the blatant Iranian attack targeting Ras Laffan Industrial City, which caused fires… pic.twitter.com/OfQlbrU9jv
— Ministry of Foreign Affairs - Qatar (@MofaQatar_EN) March 18, 2026
ਡੋਨਾਲਡ ਟਰੰਪ ਦੀ ਈਰਾਨ ਨੂੰ ਸਖ਼ਤ ਚੇਤਾਵਨੀ
ਇਸ ਹਮਲੇ ਤੋਂ ਬਾਅਦ ਡੋਨਾਲਡ ਟਰੰਪ ਨੇ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਨੇ ਦੁਬਾਰਾ ਕਤਰ ਨੂੰ ਨਿਸ਼ਾਨਾ ਬਣਾਇਆ, ਤਾਂ ਅਮਰੀਕਾ ਜਵਾਬੀ ਕਾਰਵਾਈ ਕਰੇਗਾ ਅਤੇ ਉਸ ਪੂਰੇ ਖੇਤਰ ਨੂੰ "ਪੂਰੀ ਤਰ੍ਹਾਂ ਤਬਾਹ" ਕਰ ਦੇਵੇਗਾ। ਟਰੰਪ ਨੇ ਕਿਹਾ, "ਮੈਂ ਇਸ ਪੱਧਰ ਦੀ ਹਿੰਸਾ ਅਤੇ ਤਬਾਹੀ ਨੂੰ ਮਨਜ਼ੂਰੀ ਨਹੀਂ ਦੇਣਾ ਚਾਹੁੰਦਾ, ਕਿਉਂਕਿ ਇਸ ਦਾ ਈਰਾਨ ਦੇ ਭਵਿੱਖ 'ਤੇ ਲੰਬੇ ਸਮੇਂ ਤੱਕ ਅਸਰ ਪਵੇਗਾ।"
ਉਨ੍ਹਾਂ ਨੇ ਅੱਗੇ ਸਪੱਸ਼ਟ ਕੀਤਾ ਕਿ ਜੇਕਰ ਲੋੜ ਪਈ ਤਾਂ ਉਹ ਅਜਿਹਾ ਕਦਮ ਚੁੱਕਣ ਵਿੱਚ "ਜ਼ਰਾ ਵੀ ਨਹੀਂ ਹਿਚਕਿਚਾਉਣਗੇ।"
ਕੀ ਹੈ ਪੂਰਾ ਮਾਮਲਾ?
ਇਹ ਹਮਲਾ ਉਦੋਂ ਹੋਇਆ ਜਦੋਂ ਇਜ਼ਰਾਈਲ ਨੇ ਈਰਾਨ ਦੇ 'ਸਾਊਥ ਪਾਰਸ ਗੈਸ ਫੀਲਡ' (South Pars Gas Field) ਨੂੰ ਨਿਸ਼ਾਨਾ ਬਣਾਇਆ, ਜੋ ਦੁਨੀਆ ਦੇ ਸਭ ਤੋਂ ਵੱਡੇ ਗੈਸ ਭੰਡਾਰਾਂ ਵਿੱਚੋਂ ਇੱਕ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਆਪ੍ਰੇਸ਼ਨ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਸੀ ਅਤੇ ਇਜ਼ਰਾਈਲ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਅੱਗੇ ਹੋਰ ਹਮਲੇ ਨਹੀਂ ਕਰੇਗਾ।
ਦੂਜੇ ਪਾਸੇ, ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਇਸ ਦੇ "ਬੇਕਾਬੂ ਸਿੱਟੇ" ਨਿਕਲ ਸਕਦੇ ਹਨ, ਜਿਨ੍ਹਾਂ ਦਾ ਪੂਰੇ ਖੇਤਰ ਅਤੇ ਦੁਨੀਆ ਭਰ 'ਤੇ ਗੰਭੀਰ ਅਸਰ ਪੈ ਸਕਦਾ ਹੈ।
ਇਜ਼ਰਾਈਲ 'ਤੇ ਈਰਾਨ ਦਾ ਹਮਲਾ ਜਾਰੀ
ਵਰਣਨਯੋਗ ਹੈ ਕਿ ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਿਹਾ ਸੰਘਰਸ਼ ਲਗਾਤਾਰ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਭਿਆਨਕ ਸੰਘਰਸ਼ ਦੇ ਦਰਮਿਆਨ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖ਼ਾਮੇਨੇਈ ਅਤੇ ਕਈ ਚੋਟੀ ਦੇ ਫੌਜੀ ਕਮਾਂਡਰ ਵੀ ਸ਼ਹੀਦ ਹੋ ਗਏ ਹਨ।
ਈਰਾਨ ਦੀ ਸੁਰੱਖਿਆ ਪ੍ਰੀਸ਼ਦ ਦੇ ਮੁਖੀ ਦੀ ਮੌਤ ਅਤੇ IRGC ਦੀ ਜਵਾਬੀ ਕਾਰਵਾਈ
ਹਾਲ ਹੀ ਵਿੱਚ ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਕਿ ਈਰਾਨ ਦੀ ਸੁਰੱਖਿਆ ਪ੍ਰੀਸ਼ਦ ਦੇ ਮੁਖੀ ਅਲੀ ਲਾਰੀਜਾਨੀ ਇੱਕ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਹਨ। ਇਸ ਦੇ ਜਵਾਬ ਵਿੱਚ, ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਇਜ਼ਰਾਈਲ 'ਤੇ ਲਗਾਤਾਰ ਮਿਜ਼ਾਈਲ ਅਤੇ ਡਰੋਨ ਹਮਲੇ ਕਰ ਰਿਹਾ ਹੈ।
ਇਹਨਾਂ ਹਮਲਿਆਂ ਕਾਰਨ ਪੂਰੇ ਖੇਤਰ ਵਿੱਚ ਤਣਾਅ ਇੱਕ ਬਹੁਤ ਹੀ ਗੰਭੀਰ ਪੱਧਰ 'ਤੇ ਪਹੁੰਚ ਗਿਆ ਹੈ, ਜਿਸ ਨਾਲ ਵੱਡੀ ਜੰਗ ਦਾ ਖ਼ਤਰਾ ਹੋਰ ਵਧ ਗਿਆ ਹੈ।
ਦੁਨੀਆ 'ਤੇ ਕੀ ਹੋਵੇਗਾ ਇਸ ਦਾ ਅਸਰ?
ਕਤਰ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਐਲ.ਪੀ.ਜੀ. (LNG) ਨਿਰਯਾਤਕ ਦੇਸ਼ ਹੈ। ਰਾਸ ਲਾਫ਼ਾਨ ਇੰਡਸਟ੍ਰੀਅਲ ਸਿਟੀ ਨੂੰ ਹੋਏ ਨੁਕਸਾਨ ਕਾਰਨ ਭਾਰਤ, ਯੂਰਪ ਅਤੇ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ।
ਇਹਨਾਂ ਹਮਲਿਆਂ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਿਆ ਗਿਆ ਹੈ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਦੁਨੀਆ ਭਰ ਵਿੱਚ ਊਰਜਾ ਸੰਕਟ ਅਤੇ ਮਹਿੰਗਾਈ ਵਧਣ ਦਾ ਖ਼ਤਰਾ ਪੈਦਾ ਹੋ ਗਿਆ ਹੈ।