Friday, 9th of October 2026

IPL 2027 ਤੋਂ ਪਹਿਲਾਂ ਪ੍ਰੀਤੀ ਜ਼ਿੰਟਾ ਦੀ ਪੰਜਾਬ ਕਿੰਗਜ਼ ’ਚ ਵੱਡਾ ਫੇਰਬਦਲ! ਦੋ ਨਾਮੀ ਚਿਹਰਿਆਂ ਨੇ ਛੱਡਿਆ ਸਾਥ; 3 ਅਹਿਮ ਅਹੁਦੇ ਹੋਏ ਖਾਲੀ

ਪ੍ਰੀਤੀ ਜ਼ਿੰਟਾ ਦੀ ਟੀਮ ਪੰਜਾਬ ਕਿੰਗਜ਼ ਕੁੱਝ ਮੁਸ਼ਕਿਲ ਦੌਰ ਦੇ ਵਿੱਚ ਲੰਘ ਰਹੀ ਹੈ। ਠੀਕ ਸੀਜ਼ਨ ਤੋਂ ਪਹਿਲਾਂ ਹੀ ਟੀਮ ਦੇ ਸਪਿਨ ਗੇਂਦਬਾਜ਼ੀ ਕੋਚ ਸਾਈਰਾਜ ਬਹੁਤੁਲੇ ਤੋਂ ਬਾਅਦ ਹੁਣ ਫੀਲਡਿੰਗ ਕੋਚ ਬ੍ਰੈਡ ਹੈਡਿਨ ਅਤੇ ਤੇਜ਼ ਗੇਂਦਬਾਜ਼ੀ ਕੋਚ ਜੇਮਸ ਹੋਪਸ ਨੇ ਵੀ ਫ੍ਰੈਂਚਾਇਜ਼ੀ ਦਾ ਸਾਥ ਛੱਡ ਦਿੱਤਾ ਹੈ। ਇਨ੍ਹਾਂ ਤਿੰਨਾਂ ਦੇ ਜਾਣ ਨਾਲ ਪੰਜਾਬ ਕਿੰਗਜ਼ ਦੇ ਕੋਚਿੰਗ ਸਟਾਫ਼ ਵਿੱਚ ਤਿੰਨ ਅਹਿਮ ਅਹੁਦੇ ਖਾਲੀ ਹੋ ਗਏ ਹਨ।

Edited By: Lajwinder Kaur | Updated at:
IPL 2027 ਤੋਂ ਪਹਿਲਾਂ ਪ੍ਰੀਤੀ ਜ਼ਿੰਟਾ ਦੀ ਪੰਜਾਬ ਕਿੰਗਜ਼ ’ਚ ਵੱਡਾ ਫੇਰਬਦਲ! ਦੋ ਨਾਮੀ ਚਿਹਰਿਆਂ ਨੇ ਛੱਡਿਆ ਸਾਥ; 3 ਅਹਿਮ ਅਹੁਦੇ ਹੋਏ ਖਾਲੀ

IPL 2027 ਤੋਂ ਪਹਿਲਾਂ ਪ੍ਰੀਤੀ ਜ਼ਿੰਟਾ ਦੀ ਪੰਜਾਬ ਕਿੰਗਜ਼ ’ਚ ਵੱਡਾ ਫੇਰਬਦਲ! ਦੋ ਨਾਮੀ ਚਿਹਰਿਆਂ ਨੇ ਛੱਡਿਆ ਸਾਥ; 3 ਅਹਿਮ ਅਹੁਦੇ ਹੋਏ ਖਾਲੀ

ਇੰਡੀਅਨ ਪ੍ਰੀਮੀਅਰ ਲੀਗ (IPL) 2027 ਤੋਂ ਪਹਿਲਾਂ ਪ੍ਰੀਤੀ ਜ਼ਿੰਟਾ ਦੀ ਸਹਿ-ਮਾਲਕੀ ਵਾਲੀ ਪੰਜਾਬ ਕਿੰਗਜ਼ (PBKS) ਦੀ ਟੀਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਟੀਮ ਦੇ ਸਪਿਨ ਗੇਂਦਬਾਜ਼ੀ ਕੋਚ ਸਾਈਰਾਜ ਬਹੁਤੁਲੇ ਤੋਂ ਬਾਅਦ ਹੁਣ ਫੀਲਡਿੰਗ ਕੋਚ ਬ੍ਰੈਡ ਹੈਡਿਨ ਅਤੇ ਤੇਜ਼ ਗੇਂਦਬਾਜ਼ੀ ਕੋਚ ਜੇਮਸ ਹੋਪਸ ਨੇ ਵੀ ਫ੍ਰੈਂਚਾਇਜ਼ੀ ਦਾ ਸਾਥ ਛੱਡ ਦਿੱਤਾ ਹੈ। ਇਨ੍ਹਾਂ ਤਿੰਨਾਂ ਦੇ ਜਾਣ ਨਾਲ ਪੰਜਾਬ ਕਿੰਗਜ਼ ਦੇ ਕੋਚਿੰਗ ਸਟਾਫ਼ ਵਿੱਚ ਤਿੰਨ ਅਹਿਮ ਅਹੁਦੇ ਖਾਲੀ ਹੋ ਗਏ ਹਨ।

ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਬ੍ਰੈਡ ਹੈਡਿਨ ਅਤੇ ਜੇਮਸ ਹੋਪਸ ਨੇ ਹਾਲ ਹੀ ਵਿੱਚ ਪੰਜਾਬ ਕਿੰਗਜ਼ ਦੇ ਪ੍ਰਬੰਧਕਾਂ ਨੂੰ ਟੀਮ ਛੱਡਣ ਦੇ ਆਪਣੇ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਹੈ। ਦੋਵਾਂ ਦੇ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ (BBL) ਵਿੱਚ ਨਵੀਆਂ ਜ਼ਿੰਮੇਵਾਰੀਆਂ ਸੰਭਾਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਨ੍ਹਾਂ ਬਦਲਾਵਾਂ ਤੋਂ ਬਾਅਦ ਫ੍ਰੈਂਚਾਇਜ਼ੀ ਨੇ ਨਵੇਂ ਕੋਚਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਰਿਕੀ ਪੋਂਟਿੰਗ ਦੇ ਕਰੀਬੀ ਮੰਨੇ ਜਾਂਦੇ ਹਨ ਹੈਡਿਨ ਅਤੇ ਹੋਪਸ

ਪੰਜਾਬ ਕਿੰਗਜ਼ ਦੇ ਮੁੱਖ ਕੋਚ ਰਿਕੀ ਪੋਂਟਿੰਗ ਨਾਲ ਬ੍ਰੈਡ ਹੈਡਿਨ ਅਤੇ ਜੇਮਸ ਹੋਪਸ ਦਾ ਪੁਰਾਣਾ ਸਬੰਧ ਰਿਹਾ ਹੈ। ਦੋਵੇਂ ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਹਨ ਅਤੇ ਪੋਂਟਿੰਗ ਦੀ ਕਪਤਾਨੀ ਹੇਠ ਕੌਮਾਂਤਰੀ ਕ੍ਰਿਕਟ ਵੀ ਖੇਡ ਚੁੱਕੇ ਹਨ।

ਬ੍ਰੈਡ ਹੈਡਿਨ ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਹਨ ਅਤੇ ਪੰਜਾਬ ਕਿੰਗਜ਼ ਵਿੱਚ ਫੀਲਡਿੰਗ ਕੋਚ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। ਦੂਜੇ ਪਾਸੇ, ਸਾਬਕਾ ਆਸਟ੍ਰੇਲਿਆਈ ਤੇਜ਼ ਗੇਂਦਬਾਜ਼ ਜੇਮਸ ਹੋਪਸ ਟੀਮ ਦੇ ਗੇਂਦਬਾਜ਼ੀ ਕੋਚ ਵਜੋਂ ਕੰਮ ਕਰ ਰਹੇ ਸਨ।

ਜੇਮਸ ਹੋਪਸ ਪਹਿਲਾਂ ਰਿਕੀ ਪੋਂਟਿੰਗ ਦੇ ਨਾਲ ਦਿੱਲੀ ਕੈਪੀਟਲਜ਼ (DC) ਵਿੱਚ ਕੰਮ ਕਰ ਚੁੱਕੇ ਹਨ। ਇਸ ਤੋਂ ਬਾਅਦ ਉਹ ਪੋਂਟਿੰਗ ਦੇ ਨਾਲ ਪੰਜਾਬ ਕਿੰਗਜ਼ ਵਿੱਚ ਸ਼ਾਮਲ ਹੋਏ ਅਤੇ ਟੀਮ ਦੇ ਕੋਚਿੰਗ ਸਟਾਫ਼ ਦਾ ਹਿੱਸਾ ਬਣੇ ਰਹੇ।

ਉੱਧਰ, ਬ੍ਰੈਡ ਹੈਡਿਨ ਵੀ ਪੰਜਾਬ ਕਿੰਗਜ਼ ਦੇ ਪਿਛਲੇ ਪ੍ਰਬੰਧਕੀ ਢਾਂਚੇ ਦੌਰਾਨ ਟੀਮ ਨਾਲ ਜੁੜੇ ਹੋਏ ਸਨ। ਉਹ ਟ੍ਰੇਵਰ ਬੇਲਿਸ ਦੇ ਕਾਰਜਕਾਲ ਦੌਰਾਨ ਵੀ ਫ੍ਰੈਂਚਾਇਜ਼ੀ ਦੇ ਸਹਾਇਕ ਸਟਾਫ਼ ਵਿੱਚ ਸ਼ਾਮਲ ਰਹੇ ਸਨ। ਹੁਣ ਦੋਵਾਂ ਦੇ ਜਾਣ ਨਾਲ ਰਿਕੀ ਪੋਂਟਿੰਗ ਨੂੰ ਆਪਣੀ ਕੋਚਿੰਗ ਟੀਮ ਵਿੱਚ ਨਵੇਂ ਚਿਹਰੇ ਸ਼ਾਮਲ ਕਰਨੇ ਪੈਣਗੇ।

ਸਾਈਰਾਜ ਬਹੁਤੁਲੇ ਵੀ ਛੱਡ ਚੁੱਕੇ ਹਨ ਪੰਜਾਬ ਕਿੰਗਜ਼ ਦਾ ਸਾਥ

ਬ੍ਰੈਡ ਹੈਡਿਨ ਅਤੇ ਜੇਮਸ ਹੋਪਸ ਤੋਂ ਪਹਿਲਾਂ ਸਪਿਨ ਗੇਂਦਬਾਜ਼ੀ ਕੋਚ ਸਾਈਰਾਜ ਬਹੁਤੁਲੇ ਵੀ ਪੰਜਾਬ ਕਿੰਗਜ਼ ਤੋਂ ਵੱਖ ਹੋ ਚੁੱਕੇ ਹਨ। ਰਿਪੋਰਟ ਮੁਤਾਬਕ ਉਨ੍ਹਾਂ ਨੇ IPL 2026 ਦਾ ਸੀਜ਼ਨ ਖ਼ਤਮ ਹੋਣ ਤੋਂ ਤੁਰੰਤ ਬਾਅਦ ਫ੍ਰੈਂਚਾਇਜ਼ੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਬਹੁਤੁਲੇ ਹੁਣ ਭਾਰਤੀ ਕ੍ਰਿਕਟ ਟੀਮ ਨਾਲ ਸਪਿਨ ਗੇਂਦਬਾਜ਼ੀ ਕੋਚ ਵਜੋਂ ਕੰਮ ਕਰ ਰਹੇ ਹਨ। ਪੰਜਾਬ ਕਿੰਗਜ਼ ਵਿੱਚ ਉਨ੍ਹਾਂ ਨੂੰ ਸੁਨੀਲ ਜੋਸ਼ੀ ਦੀ ਥਾਂ ਜ਼ਿੰਮੇਵਾਰੀ ਸੌਂਪੀ ਗਈ ਸੀ। ਸੁਨੀਲ ਜੋਸ਼ੀ ਦੇ ਬੈਂਗਲੁਰੂ ਸਥਿਤ ਸੈਂਟਰ ਆਫ਼ ਐਕਸੀਲੈਂਸ (CoE) ਵਿੱਚ ਸਪਿਨ ਗੇਂਦਬਾਜ਼ੀ ਕੋਚ ਦੀ ਭੂਮਿਕਾ ਸੰਭਾਲਣ ਤੋਂ ਬਾਅਦ ਬਹੁਤੁਲੇ ਨੂੰ ਪੰਜਾਬ ਕਿੰਗਜ਼ ਨਾਲ ਜੋੜਿਆ ਗਿਆ ਸੀ।

ਹੁਣ ਬਹੁਤੁਲੇ, ਹੈਡਿਨ ਅਤੇ ਹੋਪਸ ਦੇ ਜਾਣ ਕਾਰਨ ਟੀਮ ਦੇ ਕੋਚਿੰਗ ਸਟਾਫ਼ ਵਿੱਚ ਤਿੰਨ ਅਹਿਮ ਅਹੁਦੇ ਖਾਲੀ ਹੋ ਗਏ ਹਨ। ਇਸ ਨਾਲ ਅਗਲੇ ਸੀਜ਼ਨ ਲਈ ਟੀਮ ਦੀ ਤਿਆਰੀ ਅਤੇ ਕੋਚਿੰਗ ਪ੍ਰਬੰਧਾਂ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਦੀ ਲੋੜ ਪਵੇਗੀ।

ਨਵੇਂ ਕੋਚਾਂ ਦੀ ਭਾਲ ਸ਼ੁਰੂ, ਪੋਂਟਿੰਗ ਦੀ ਸਹਿਮਤੀ ਨਾਲ ਹੋਵੇਗੀ ਨਿਯੁਕਤੀ

ਪੰਜਾਬ ਕਿੰਗਜ਼ ਦਾ ਪ੍ਰਬੰਧਨ ਹੁਣ ਤਿੰਨੋਂ ਖਾਲੀ ਅਹੁਦਿਆਂ ਲਈ ਨਵੇਂ ਉਮੀਦਵਾਰਾਂ ਦੀ ਭਾਲ ਵਿੱਚ ਜੁਟ ਗਿਆ ਹੈ। ਹਾਲਾਂਕਿ, ਨਵੇਂ ਕੋਚਾਂ ਦੀ ਨਿਯੁਕਤੀ ਵਿੱਚ ਮੁੱਖ ਕੋਚ ਰਿਕੀ ਪੋਂਟਿੰਗ ਦੀ ਭੂਮਿਕਾ ਅਹਿਮ ਰਹੇਗੀ।

ਰਿਪੋਰਟ ਮੁਤਾਬਕ ਫ੍ਰੈਂਚਾਇਜ਼ੀ ਵੱਲੋਂ ਕੁਝ ਨਾਵਾਂ ਦੀ ਸਿਫ਼ਾਰਸ਼ ਕੀਤੀ ਜਾ ਸਕਦੀ ਹੈ, ਪਰ ਸੰਭਾਵੀ ਉਮੀਦਵਾਰਾਂ ਨਾਲ ਗੱਲਬਾਤ ਅਤੇ ਇੰਟਰਵਿਊ ਤੋਂ ਬਾਅਦ ਪੋਂਟਿੰਗ ਦੀ ਸਹਿਮਤੀ ਨਾਲ ਹੀ ਅੰਤਿਮ ਫ਼ੈਸਲਾ ਲਿਆ ਜਾਵੇਗਾ।

ਟੀਮ ਦੀ ਕੋਸ਼ਿਸ਼ ਹੈ ਕਿ IPL 2027 ਦੀ ਖਿਡਾਰੀਆਂ ਦੀ ਨਿਲਾਮੀ ਤੋਂ ਪਹਿਲਾਂ ਕੋਚਿੰਗ ਸਟਾਫ਼ ਦੇ ਤਿੰਨੋਂ ਖਾਲੀ ਅਹੁਦਿਆਂ ਨੂੰ ਭਰ ਲਿਆ ਜਾਵੇ, ਤਾਂ ਜੋ ਅਗਲੇ ਸੀਜ਼ਨ ਦੀਆਂ ਤਿਆਰੀਆਂ ਪੂਰੀ ਟੀਮ ਨਾਲ ਸ਼ੁਰੂ ਕੀਤੀਆਂ ਜਾ ਸਕਣ।

IPL 2027 ਤੋਂ ਪਹਿਲਾਂ ਪੰਜਾਬ ਕਿੰਗਜ਼ ਲਈ ਨਵੀਂ ਚੁਣੌਤੀ

ਪੰਜਾਬ ਕਿੰਗਜ਼ ਵਿੱਚ ਇਹ ਬਦਲਾਅ ਅਜਿਹੇ ਸਮੇਂ ਹੋ ਰਹੇ ਹਨ, ਜਦੋਂ ਫ੍ਰੈਂਚਾਇਜ਼ੀ ਅਗਲੇ IPL ਸੀਜ਼ਨ ਦੀ ਯੋਜਨਾਬੰਦੀ ਵਿੱਚ ਜੁਟੀ ਹੋਈ ਹੈ। ਕੋਚਿੰਗ ਸਟਾਫ਼ ਦੇ ਤਿੰਨ ਅਹਿਮ ਮੈਂਬਰਾਂ ਦੇ ਜਾਣ ਨਾਲ ਰਿਕੀ ਪੋਂਟਿੰਗ ਲਈ ਨਵੀਂ ਟੀਮ ਤਿਆਰ ਕਰਨਾ ਇੱਕ ਮਹੱਤਵਪੂਰਨ ਕੰਮ ਹੋਵੇਗਾ।

ਨਵੇਂ ਕੋਚਾਂ ਦੀ ਚੋਣ ਤੋਂ ਬਾਅਦ ਟੀਮ ਨੂੰ ਖਿਡਾਰੀਆਂ ਦੀ ਤਿਆਰੀ, ਗੇਂਦਬਾਜ਼ੀ ਅਤੇ ਫੀਲਡਿੰਗ ਦੀ ਰਣਨੀਤੀ ਅਤੇ ਅਗਲੇ ਸੀਜ਼ਨ ਦੀਆਂ ਯੋਜਨਾਵਾਂ ’ਤੇ ਕੰਮ ਕਰਨਾ ਪਵੇਗਾ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਕਿੰਗਜ਼ ਇਨ੍ਹਾਂ ਖਾਲੀ ਅਹੁਦਿਆਂ ’ਤੇ ਕਿਹੜੇ ਨਵੇਂ ਚਿਹਰਿਆਂ ਨੂੰ ਮੌਕਾ ਦਿੰਦੀ ਹੈ ਅਤੇ ਰਿਕੀ ਪੋਂਟਿੰਗ ਦੀ ਅਗਵਾਈ ਹੇਠ ਟੀਮ ਦਾ ਕੋਚਿੰਗ ਢਾਂਚਾ ਕਿਹੋ ਜਿਹਾ ਹੁੰਦਾ ਹੈ।