ਤਰਨਤਾਰਨ: ਪੁਲਿਸ ਅਤੇ AGTF ਨੇ ਸਾਂਝੇ ਆਪ੍ਰੇਸ਼ਨ ਦੌਰਾਨ ਸਰਪੰਚ ਜਰਮਲ ਸਿੰਘ ਕਤਲਕਾਂਡ ’ਚ ਸ਼ਾਮਲ ਇੱਕ ਬਦਮਾਸ਼ ਦਾ ਐਨਕਾਊਂਟਰ ਕਰ ਦਿੱਤਾ। ਪੁਲਿਸ ਵੱਲੋਂ ਲਗਾਤਾਰ ਹੀ ਅਮਨ ਸ਼ਾਂਤੀ ਭੰਗ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸੇ ਕੜੀ ’ਚ ਇਹ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਐਨਕਾਊਂਟਰ ਦੌਰਾਨ ਮਾਰਿਆ ਗਿਆ ਮੁਲਜ਼ਮ ਪ੍ਰਭ ਦਾਸੂਵਾਲ ਦਾ ਗੁਰਗਾ ਸੀ ਜਿਸ ਦੀ ਪਛਾਣ ਹਰਨੂਰ ਸਿੰਘ ਵਜੋਂ ਹੋਈ ਹੈ, ਜੋ ਕਿ ਅੰਮ੍ਰਿਤਸਰ ਦੇ ਕੱਥੂਨੰਗਲ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
ਦਰਅਸਲ, ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਪ੍ਰਭ ਦਾਸੂਵਾਲ ਦਾ ਇੱਕ ਗੁਰਗਾ ਇਲਾਕੇ ’ਚ ਘੁੰਮ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਤੁਰੰਤ ਕਾਰਵਾਈ ਕਰਦਿਆਂ ਮੌਕੇ 'ਤੇ ਪਹੁੰਚ ਗਈ। ਜਦੋਂ ਪੁਲਿਸ ਨੇ ਮੋਟਰਸਾਈਕਲ ਸਵਾਰ ਬਦਮਾਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ’ਚ ਮੁਲਜ਼ਮ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ। ਮੁਲਜ਼ਮ ਦੀ ਹਸਪਤਾਲ ਲਿਜਾਣ 'ਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਹਰਨੂਰ ਸਿੰਘ ਬੀਤੇ ਦਿਨੀਂ ਹੋਏ ਸਰਪੰਚ ਜਰਮਲ ਸਿੰਘ ਕਤਲ ਕੇਸ ’ਚ ਵੀ ਸ਼ਾਮਲ ਸੀ। ਜਾਣਕਾਰੀ ਦਿੰਦੇ DIG ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਉਕਤ ਬਦਮਾਸ਼ ਨੇ ਸਰਪੰਚ ਕਤਲ ਕੇਸ ਅਤੇ ਕਾਂਗਰਸੀ ਆਗੂ ਹਰਮਨ ਸੇਖੋਂ ਦੀ ਰੇਕੀ ਕੀਤੀ ਸੀ।