Trending:
ਸ਼ੌਂਕ ਲਈ ਹਵਾਈ ਫਾਇਰ ਕਰਨਾ ਬਠਿੰਡਾ ਦੇ ਇੱਕ ਨੌਜਵਾਨ ਨੂੰ ਮਹਿੰਗਾ ਸਾਬਤ ਹੋਇਆ। ਪੁਲਿਸ ਨੇ ਹਵਾਈ ਫਾਇਰਿੰਗ ਕਰਨ ਦੇ ਦੋਸ਼ ਵਿੱਚ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਦੇ ਆਧਾਰ 'ਤੇ ਕੀਤੀ ਗਈ ਹੈ, ਜਿਸ ਵਿੱਚ ਇੱਕ ਨੌਜਵਾਨ ਸ਼ਰੇਆਮ ਰਾਈਫਲ ਨਾਲ ਹਵਾਈ ਫਾਇਰ ਕਰਦਾ ਨਜ਼ਰ ਆ ਰਿਹਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਇਸ ਵੀਡੀਓ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ, ਜਿਸ ਤੋਂ ਬਾਅਦ ਤੁਰੰਤ ਨੋਟਿਸ ਲੈਂਦਿਆਂ ਕਾਰਵਾਈ ਕੀਤੀ ਗਈ। ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਇੰਟਰਨੈੱਟ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ। ਵੀਡੀਓ ਵਿੱਚ ਇੱਕ ਨੌਜਵਾਨ ਬੇਖ਼ੌਫ਼ ਹੋ ਕੇ ਰਾਈਫਲ ਨਾਲ ਹਵਾਈ ਫਾਇਰਿੰਗ ਕਰਦਾ ਦਿਖਾਈ ਦੇ ਰਿਹਾ ਸੀ। ਵੀਡੀਓ ਸਾਹਮਣੇ ਆਉਂਦੇ ਹੀ ਇਹ ਥਾਣਾ ਕੋਟਫੱਤਾ ਪੁਲਿਸ ਦੇ ਧਿਆਨ ਵਿੱਚ ਆਈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਵੀਡੀਓ ਵਿੱਚ ਦਿਖ ਰਹੇ ਨੌਜਵਾਨ ਦੀ ਪਹਿਚਾਨ ਕੀਤੀ।
ਪੁਲਿਸ ਨੇ ਮੁਲਜ਼ਮ ਨੇ ਕੀਤਾ ਗ੍ਰਿਫ਼ਤਾਰ
ਜਾਂਚ ਦੌਰਾਨ ਨੌਜਵਾਨ ਦੀ ਪਹਿਚਾਨ ਗਹਿਰੀ ਦੇਵੀ ਨਗਰ ਦੇ ਰਹਿਣ ਵਾਲੇ ਮਨਜੀਤ ਸਿੰਘ ਉਰਫ਼ ਜੀਤੂ ਵਜੋਂ ਹੋਈ ਹੈ। ਪਹਿਚਾਨ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰਕੇ ਉਸ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤੀ ਗਈ ਰਾਈਫਲ ਵੀ ਬਰਾਮਦ ਕਰ ਲਈ ਹੈ।
ਸ਼ੌਕ ਲਈ ਵੀਡੀਓ ਕੀਤੀ ਸੀ ਅਪਲੋਡ
ਪੁਲਿਸ ਅਧਿਕਾਰੀ ਗੁਰਜੰਟ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਸਿਰਫ਼ ਸ਼ੌਕ ਵਜੋਂ ਹਵਾਈ ਫਾਇਰਿੰਗ ਕੀਤੀ ਸੀ ਅਤੇ ਬਾਅਦ ਵਿੱਚ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪਿੰਡ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਰਾਈਫਲ ਦਾ ਲਾਇਸੈਂਸ ਵੈਲਿਡ ਹੈ ਜਾਂ ਨਹੀਂ ਅਤੇ ਵੀਡੀਓ ਬਣਾਉਣ ਤੇ ਵਾਇਰਲ ਕਰਨ ਪਿੱਛੇ ਉਸ ਦਾ ਅਸਲ ਮਕਸਦ ਕੀ ਸੀ।